ਭੜਕੇ ਸਿੱਧੂ ਖੇਮੇ ਨੇ ''ਆਪ''-ਭਾਜਪਾ ਸਣੇ ਕਾਂਗਰਸੀਆਂ ''ਤੇ ਵੀ ਵਿੰਨ੍ਹੇ ਨਿਸ਼ਾਨੇ, "ਇਨ੍ਹਾਂ ਨੂੰ ਸਿੱਧੂ ਫੋਬੀਆ"
Thursday, Jan 26, 2023 - 03:34 PM (IST)
ਪਟਿਆਲਾ: ਗਣਤੰਤਰ ਦਿਵਸ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਹੋਣ 'ਤੇ ਸਿੱਧੂ ਖੇਮੇ ਦਾ ਗੁੱਸਾ ਕੇਂਦਰ ਤੇ ਸੂਬਾ ਸਰਕਾਰਾਂ ਦੇ ਨਾਲ-ਨਾਲ ਕੁੱਝ ਕਾਂਗਰਸੀ ਆਗੂਆਂ 'ਤੇ ਵੀ ਫੁੱਟਿਆ ਹੈ। ਅੱਜ ਨਵਜੋਤ ਸਿੱਧੂ ਦੇ ਸਮਰਥਕ ਕਈ ਸੀਨੀਅਰ ਕਾਂਗਰਸੀ ਆਗੂ ਉਨ੍ਹਾਂ ਦੀ ਰਿਹਾਈ ਦੀਆਂ ਕਿਆਸਰਾਈਆਂ ਵਿਚਾਲੇ ਪਟਿਆਲੇ ਪਹੁੰਚੇ ਸਨ। ਪਰ ਅਖ਼ੀਰਲੇ ਸਮੇਂ ਤਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਸਿੱਧੂ ਦੀ ਰਿਹਾਈ ਨਾ ਹੋਣ ਦੀ ਖ਼ਬਰ ਮਿਲੀ ਤਾਂ ਉੁਨ੍ਹਾਂ ਦਾ ਗੁੱਸਾ ਫੁੱਟ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 12 ਸਾਲਾ ਪੁੱਤਰ ਅਜਾਨ ਨੂੰ ਮਿਲੇਗਾ "ਵੀਰ ਬਾਲ ਪੁਰਸਕਾਰ", ਅਮਰਨਾਥ 'ਚ ਬਚਾਈਆਂ ਸੀ 100 ਜਾਨਾਂ
ਗਣਤੰਤਰ ਦਿਵਸ ਦੀ ਦੁਪਹਿਰ ਨੂੰ ਮਹਿੰਦਰ ਕੇਪੀ, ਸ਼ਮਸ਼ੇਰ ਦੂਲੋ, ਨਵਤੇਜ ਚੀਮਾ ਸਣੇ ਹੋਰ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਤੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਕੇਂਦਰ ਅਤੇ ਸੂਬਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਿਰੋਂ ਅਜੇ 'ਸਿੱਧੂ ਫੋਬੀਆ' ਨਹੀਂ ਉਤਰਿਆ। ਇਸੇ ਕਾਰਨ ਅੱਜ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ 'ਚੋਂ ਰਿਹਾਅ ਹੋਣ ਵਾਲੇ ਪੰਜਾਬ ਦੀ ਪ੍ਰਸਤਾਵਿਤ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਸਣੇ 51 ਕੈਦੀਆਂ ਦੇ ਨਾਂ ਸਨ। ਪਰ ਸਰਕਾਰ ਨੇ ਕਿਸੇ ਵੀ ਕੈਦੀ ਨੂੰ ਰਿਹਾਅ ਨਾ ਕਰ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਬਾਕੀ 50 ਕੈਦੀਆਂ ਨਾਲ ਵੀ ਧੱਕਾ ਕੀਤਾ ਹੈ। ਸਰਕਾਰ ਨੇ ਸਿੱਧੂ ਨੂੰ ਰਿਹਾਅ ਨਾ ਕਰ ਕੇ ਕਾਯਰਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਗਣਤੰਤਰ ਦਿਵਸ 'ਤੇ ਬਾਬਾ ਸਾਹਿਬ ਦੀ ਆਤਮਾ ਨੂੰ ਸੱਟ ਪਹੁੰਚਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ
ਉਕਤ ਆਗੂਆਂ ਨੇ ਕਿਸੇ ਦਾ ਨਾਂ ਲਏ ਬਿਨਾ ਇਸ਼ਾਰੇ-ਇਸ਼ਾਰੇ ਵਿਚ ਰਾਜਾ ਵੜਿੰਗ, ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਕਾਂਗਰਸੀਆਂ ਨੂੰ ਵੀ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਅਹੁਦਾ ਤਾਂ ਮਿਲ ਗਿਆ ਪਰ ਉਨ੍ਹਾਂ ਨੂੰ ਕੋਈ ਤਜ਼ੁਰਬਾ ਨਹੀਂ ਹੈ। ਸਿੱਧੂ ਤੋਂ ਵਿਰੋਧੀ ਪਾਰਟੀਆਂ ਹੀ ਨਹੀਂ ਸਗੋਂ ਕਾਂਗਰਸ ਦੇ ਵੀ ਕਈ ਲੋਕ ਖੁਸ਼ ਨਹੀਂ ਹਨ। ਉਨ੍ਹਾਂ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ 'ਤੇ ਆਪਸੀ ਗਿਲ਼ੇ-ਸ਼ਿਕਵੇ ਪਾਸੇ ਰੱਖ ਕੇ ਹਮਦਰਦੀ ਨਾਲ ਸਿੱਧੂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਵਿਚ ਜੋ ਵੀ ਅਹੁਦਾ ਸੌਂਪਣਾ ਹੈ, ਉਹ ਹਾਈਕਮਾਨ ਦੀ ਮਰਜ਼ੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।