ਕਪਿਲ ਦੇ ਸ਼ੋਅ ''ਚ ਨਹੀਂ ਦਿਖਿਆ ''ਨਵਜੋਤ ਸਿੱਧੂ'' ਦਾ ਇਸ਼ਕੀਆ ਅੰਦਾਜ਼, ਜਾਣੋ ਕੀ ਹੈ ਕਾਰਨ

02/13/2017 10:14:36 AM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ''ਤੇ ਟਿੱਪਣੀਆਂ ਕਰਨ ਕਰ ਕੇ ਉਸ ਦੇ ਕਾਮੇਡੀ ਸ਼ੋਅ ''ਚੋਂ ਉਸ ਦੇ ਪਿੱਛੇ ਬੈਠਦੀਆਂ ਲੜਕੀਆਂ ਦੀ ਜਗ੍ਹਾ ਹੁਣ ਪਰਿਵਾਰਾਂ ਨੇ ਲੈ ਲਈ ਹੈ। ਚੋਣਾਂ ਦਾ ਅਮਲ ਪੂਰਾ ਹੋਣ ਮਗਰੋਂ ਪਹਿਲੇ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ''ਚ ਸਿੱਧੂ ਪਹਿਲਾਂ ਦੀ ਤਰ੍ਹਾਂ ਇਸ਼ਕੀਆ ਅੰਦਾਜ਼ ''ਚ ਦਿਖਾਈ ਨਹੀਂ ਦਿੱਤੇ, ਸਗੋਂ ਬਦਲੇ-ਬਦਲੇ ਮਹਿਸੂਸ ਹੋਏ। ਨਵਜੋਤ ਸਿੰਘ ਸਿੱਧੂ ਇਕ ਨਿੱਜੀ ਚੈਨਲ ''ਤੇ ਚੱਲਦੇ ਪ੍ਰਮੁੱਖ ਕਾਮੇਡੀ ਸ਼ੋਅ ''ਚ ਵਿਲੱਖਣ ਕਾਮੇਡੀਅਨ ਕਪਿਲ ਸ਼ਰਮਾ ਨਾਲ ਸ਼ੋਅ ਸਾਂਝਾ ਕਰਦੇ ਹਨ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਇਸ ਤਰ੍ਹਾਂ ਦਾ ਸ਼ੋਅ ਕਰ ਰਹੇ ਹਨ। ਉਹ ਕਪਿਲ ਸ਼ਰਮਾ ਦੇ ਸਾਹਮਣੇ ਦਰਸ਼ਕਾਂ ਵਿਚ ਵੱਡੀ ਕੁਰਸੀ ''ਤੇ ਬੈਠਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਹਮੇਸ਼ਾ ਹੀ ਸੁੰਦਰ-ਸੁੰਦਰ ਅਤੇ ਗਲੈਮਰ ਪੇਸ਼ ਕਰਨ ਵਾਲੀਆਂ ਲੜਕੀਆਂ ਨੂੰ ਪ੍ਰਬੰਧਕਾਂ ਵੱਲੋਂ ਬਿਠਾਇਆ ਜਾਂਦਾ ਹੈ। 
ਇਸ ਦੌਰਾਨ ਉਹ ਪ੍ਰੋਗਰਾਮ ''ਚ ਆਉਣ ਵਾਲੀ ਹਰੇਕ ਹੀਰੋਇਨ ਨੂੰ ਆਪਣੇ ਇਸ਼ਕੀਆ ਅੰਦਾਜ਼ ਵਿਚ ਆਪਣੇ ਬਣਾਏ ਸ਼ੇਅਰ ਵੀ ਸੁਣਾਉਂਦੇ ਹਨ। ਉਨ੍ਹਾਂ ਦੇ ਇਸ ਅੰਦਾਜ਼ ਕਰ ਕੇ ਹੀ ਬਹੁਤ ਵਾਰ ਸ਼ੋਅ ਦੌਰਾਨ ਵੀ ਕਪਿਲ ਸ਼ਰਮਾ, ਹੀਰੋਇਨਾਂ ਅਤੇ ਪ੍ਰੋਗਰਾਮ ਦੇ ਹੋਰਨਾਂ ਕਲਾਕਾਰਾਂ ਨੇ ਵਿਅੰਗਮਈ ਟਿੱਪਣੀਆਂ ਵੀ ਕੀਤੀਆਂ ਹਨ। ਭਾਵੇਂ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਵਿਚ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਸੀ ਪਰ ਉਹ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਫਿਰ ਤੋਂ ਕੁੱਦ ਪਏ ਹਨ, ਜਿਸ ਕਾਰਨ ਹੁਣ ਸਥਿਤੀ ਬਦਲ ਗਈ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਅਤੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਲਈ ਚੋਣ ਲੜੇ ਹਨ, ਜਿਸ ਦਾ ਨਤੀਜਾ ਆਉਣਾ ਅਜੇ ਬਾਕੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਦੇ ਹੱਕ ਵਿਚ ਕਈ ਚੋਣ ਰੈਲੀਆਂ ਪੰਜਾਬ ਵਿਚ ਕੀਤੀਆਂ, ਜਿਸ ਦੌਰਾਨ ਉਹ ਆਪਣੇ ਵੱਖਰੇ ਅੰਦਾਜ਼ ''ਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿਲਾਫ ਟਿੱਪਣੀਆਂ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਦੂਸਰੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਸਿਆਸੀ ਤੌਰ ''ਤੇ ਮਿਹਣੇ ਮਾਰੇ ਅਤੇ ਇਸ ਸ਼ੋਅ ਵਿਚਲੇ ਉਸ ਦੇ ਆਸ਼ਕਾਨਾ ਅੰਦਾਜ਼ ਨੂੰ ਨਿਸ਼ਾਨਾ ਬਣਾਇਆ। ਚੋਣਾਂ ਕਰ ਕੇ ਸਿੱਧੂ ਦੋ ਹਫਤੇ ਇਸ ਸ਼ੋਅ ਤੋਂ ਦੂਰ ਰਹੇ ਅਤੇ ਹੁਣ ਸ਼ਨੀਵਾਰ ਦੀ ਰਾਤ ਨੂੰ ਪ੍ਰਸਾਰਿਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਦੁਬਾਰਾ ਪਹਿਲੀ ਵਾਰ ਬੈਠੇ। ਇਸ ਦੌਰਾਨ ਉਨ੍ਹਾਂ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦਿੱਤਾ ਅਤੇ ਉਹ ਇਕ ਸੰਜੀਦਾ ਕਾਮੇਡੀਅਨ ਦੀ ਤਰ੍ਹਾਂ ਪੇਸ਼ ਆਏ। ਉਨ੍ਹਾਂ ਦੇ ਪਿੱਛੋਂ ਵੀ ਪ੍ਰਬੰਧਕਾਂ ਨੇ ਲੜਕੀਆਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪੁਰਸ਼ ਅਤੇ ਔਰਤਾਂ (ਪਰਿਵਾਰਾਂ) ਨੂੰ ਬਿਠਾ ਦਿੱਤਾ ਹੈ ਤਾਂ ਕਿ ਉਸ ਨੂੰ ਸਿਆਸੀ ਤੌਰ ''ਤੇ ਇਸ ਤਰ੍ਹਾਂ ਦੁਬਾਰਾ ਨਿਸ਼ਾਨਾ ਨਾ ਬਣਾਇਆ ਜਾ ਸਕੇ। ਸ਼ਨੀਵਾਰ ਰਾਤ ਨੂੰ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ''ਚ ਵੀ ਮਹਿਮਾਨ ਦੇ ਤੌਰ ''ਤੇ ਆਏ ਫਿਲਮ ਅਦਾਕਾਰ ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਕਪੂਰ ਦੇ ਸਨਮਾਨ ''ਚ ਸਿੱਧੂ ਨੇ ਆਪਣੇ ਬਣਾਏ ਸ਼ੇਅਰ ਪੂਰੀ ਸੰਜੀਦਗੀ ਨਾਲ ਅਤੇ ਬਦਲੇ ਹੋਏ ਅੰਦਾਜ਼ ''ਚ ਪੇਸ਼ ਕੀਤੇ।

Babita Marhas

News Editor

Related News