ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਅੱਜ ਪਹਿਲੀ ਵਾਰ ਪਹੁੰਚਣਗੇ ਜਲੰਧਰ, ਕਾਂਗਰਸੀ ਆਗੂਆਂ ਦੀ ਟਟੋਲਣਗੇ ਨਬਜ਼

Thursday, Jul 29, 2021 - 06:11 PM (IST)

ਜਲੰਧਰ (ਚੋਪੜਾ)–ਜ਼ਿਲ੍ਹਾ ਕਾਂਗਰਸ ਭਵਨ ਨੂੰ ਅੱਜ ਸਾਲਾਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਦੀਦਾਰ ਹੋਣ ਜਾ ਰਹੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਉਪਰੰਤ 29 ਜੁਲਾਈ ਯਾਨੀ ਕਿ ਅੱਜ ਆਪਣੀ ਜਲੰਧਰ ਫੇਰੀ ਦੌਰਾਨ ਕਾਂਗਰਸ ਭਵਨ ਵਿਚ ਡੇਰਾ ਲਗਾਉਣਗੇ। ਇਸ ਦੌਰਾਨ ਸਿੱਧੂ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੌਂਸਲਰਾਂ, ਬਲਾਕ ਕਾਂਗਰਸ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰਾਂ, ਯੂਥ ਕਾਂਗਰਸ ਅਤੇ ਵੱਖ-ਵੱਖ ਫਰੰਟੀਅਲ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਨਬਜ਼ ਟਟੋਲਣਗੇ। ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਾਂਗਰਸ ਭਵਨ ਵਿਚ ਸਾਰੇ ਪ੍ਰਬੰਧ ਕਰਵਾਏ। ਸਿੱਧੂ ਅੱਜ ਲਗਭਗ 11 ਵਜੇ ਕਾਂਗਰਸ ਭਵਨ ਵਿਚ ਪਹੁੰਚਣਗੇ ਅਤੇ ਉਨ੍ਹਾਂ ਦਾ 2 ਵਜੇ ਤੱਕ ਉਥੇ ਰਹਿ ਕੇ ਕਾਂਗਰਸੀ ਨੇਤਾਵਾਂ ਨਾਲ ਵਨ-ਟੂ-ਵਨ ਮੁਲਾਕਾਤ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇਸ ਪ੍ਰੋਗਰਾਮ ਲਈ ਵਰਕਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਪਰ ਚੋਣਵੇਂ ਅਹੁਦੇਦਾਰਾਂ, ਚੇਅਰਮੈਨਾਂ ਨਾਲ ਹੀ ਸਿੱਧੂ ਦੀ ਮੁਲਾਕਾਤ ਕਰਵਾਈ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੇ ਪਹਿਲਾਂ ਕਾਂਗਰਸ ਭਵਨ ਵਿਚ ਜਲੰਧਰ ਸਮੇਤ ਕਪੂਰਥਲਾ,ਹੁਸ਼ਿਆਰਪੁਰ, ਨਵਾਂਸ਼ਹਿਰ 4 ਜ਼ਿਲਿਆਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਸੀ ਪਰ ਬਾਅਦ ਵਿਚ ਇਸਨੂੰ ਜਲੰਧਰ ਜ਼ਿਲ੍ਹੇ ਤੱਕ ਹੀ ਸੀਮਤ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ

ਜ਼ਿਕਰਯੋਗ ਹੈ ਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਕਾਰਜਕਾਲ ਉਪਰੰਤ ਲਗਭਗ 6 ਸਾਲਾਂ ਤੋਂ ਕੋਈ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਕਾਂਗਰਸ ਭਵਨ ਨਹੀਂ ਆਇਆ। ਬਾਜਵਾ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਹੱਥਾਂ ਵਿਚ ਕਾਂਗਰਸ ਦੀ ਕਮਾਨ ਰਹੀ ਪਰ ਉਨ੍ਹਾਂ ਦਾ ਜਲੰਧਰ ਦੌਰਾ ਸਿਰਫ ਚੰਦ ਹੋਟਲਾਂ ਅਤੇ ਸਰਕਟ ਹਾਊਸ ਤੱਕ ਹੀ ਸੀਮਤ ਰਹਿੰਦਾ ਸੀ, ਜਿਸ ਕਾਰਨ ਦੋਵੇਂ ਨੇਤਾ ਆਮ ਵਰਕਰਾਂ ਦੀ ਪਹੁੰਚ ਤੋਂ ਬਹੁਤ ਦੂਰ ਰਹੇ। ਇਸੇ ਦਾ ਅਸਰ ਸੀ ਕਿ ਜ਼ਿਲੇ ਵਿਚ ਜੇਕਰ ਕੋਈ ਵੀ ਮੰਤਰੀ ਆਉਂਦਾ ਸੀ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਕਾਂਗਰਸ ਭਵਨ ਨਹੀਂ ਪਹੁੰਚਦਾ ਸੀ, ਜਿਸ ਦਾ ਖਮਿਆਜ਼ਾ ਵੀ ਅੱਜ ਕਾਂਗਰਸ ਨੂੰ ਉਠਾਉਣਾ ਪੈ ਰਿਹਾ ਹੈ ਕਿਉਂਕਿ ਜ਼ਿਆਦਾਤਰ ਟਕਸਾਲੀ ਨੇਤਾ ਅਤੇ ਵਰਕਰ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਨਾ ਹੋਣ ਕਾਰਨ ਪਾਰਟੀ ਪ੍ਰੋਗਰਾਮਾਂ ਤੋਂ ਕਿਨਾਰਾ ਕਰ ਕੇ ਆਪਣੇ ਘਰਾਂ ਤੱਕ ਸੀਮਤ ਹੋ ਗਏ ਹਨ। ਹੁਣ ਜਿਸ ਤਰ੍ਹਾਂ ਸਿੱਧੂ ਨੇ ਕਾਂਗਰਸ ਭਵਨ ਵਿਚ ਆਪਣਾ ਪਹਿਲਾ ਪ੍ਰੋਗਰਾਮ ਰੱਖਿਆ ਹੈ, ਉਸ ਨਾਲ ਵਰਕਰਾਂ ਵਿਚ ਨਵੀਂ ਜਾਨ ਅਤੇ ਜੋਸ਼ ਦੇਖਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਦਫ਼ਤਰ ’ਚ ਪਤੀ-ਪਤਨੀ ਦਾ ਹਾਈਵੋਲਟੇਜ਼ ਡਰਾਮਾ, ਚੱਪਲਾਂ ਨਾਲ ਕੁੱਟਿਆ ਪਤੀ

ਕੈਪਟਨ ਅਮਰਿੰਦਰ ਖੇਮੇ ਦੇ ਵਿਧਾਇਕਾਂ ਅਤੇ ਚੇਅਰਮੈਨਾਂ ’ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ
ਅੱਜ ਕਾਂਗਰਸ ਭਵਨ ਵਿਚ ਪ੍ਰੋਗਰਾਮ ਦੌਰਾਨ ਸਿਆਸੀ ਗਲਿਆਰਿਆਂ ਦੀਆਂ ਨਜ਼ਰਾਂ ਕੈਪਟਨ ਖੇਮੇ ’ਤੇ ਲੱਗੀਆਂ ਰਹਿਣਗੀਆਂ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਮਾ ਪੂਰੀ ਤਰ੍ਹਾਂ ਮੁਸਤੈਦੀ ਨਾਲ ਪ੍ਰੋਗਰਾਮ ਦੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖੇਗਾ। ਸਭ ਤੋਂ ਜ਼ਿਆਦਾ ਧਿਆਨ ਅਮਰਿੰਦਰ ਧੜੇ ਨਾਲ ਸਬੰਧਤ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਕਈ ਚੇਅਰਮੈਨਾਂ ’ਤੇ ਰਹੇਗਾ, ਜਿਨ੍ਹਾਂ ਨੇ ਅਜੇ ਤੱਕ ਨਵਜੋਤ ਸਿੱਧੂ ਨਾਲ ਆਪਣੀਆਂ ਦੂਰੀਆਂ ਬਣਾ ਰੱਖੀਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਜਿਸ ਦਿਨ ਸਿੱਧੂ ਦੀ ਪ੍ਰਧਾਨਗੀ ’ਤੇ ਆਪਣੀ ਮੋਹਰ ਲਗਾਈ ਸੀ, ਉਸ ਦਿਨ ਸ਼ਾਮ ਨੂੰ ਸਿੱਧੂ ਕਾਂਗਰਸ ਦੇ ਦਿੱਗਜ ਨੇਤਾ ਅਵਤਾਰ ਹੈਨਰੀ ਅਤੇ ਮਹਿੰਦਰ ਸਿੰਘ ਕੇ. ਪੀ. ਦੇ ਘਰ ਪਹੁੰਚੇ ਸਨ। ਇਸ ਦੌਰਾਨ ਵਿਧਾਇਕ ਬਾਵਾ ਹੈਨਰੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਜਦੋਂ ਸਿੱਧੂ ਨੇ ਜਲੰਧਰ ਤੋਂ ਹੁੰਦੇ ਹੋਏ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਜਾਣਾ ਸੀ, ਉਸ ਦਿਨ ਵੀ ਸਿਰਫ ਅਵਤਾਰ ਹੈਨਰੀ ਅਤੇ ਵਿਧਾਇਕ ਬਾਵਾ ਹੈਨਰੀ ਨੇ ਹੀ ਸਿੱਧੂ ਦੇ ਕਾਫਿਲੇ ਦਾ ਜਲੰਧਰ ਬਾਈਪਾਸ ’ਤੇ ਵੱਡੀ ਗਿਣਤੀ ਵਿਚ ਸਮਰਥਕਾਂ ਨਾਲ ਜ਼ੋਰਦਾਰ ਸਵਾਗਤ ਕੀਤਾ ਸੀ। ਵਿਧਾਇਕ ਪਰਗਟ ਸਿੰਘ, ਜੋ ਸਿੱਧੂ ਦੇ ਖਾਸ ਦੋਸਤ ਮੰਨੇ ਜਾਂਦੇ ਹਨ, ਦੇ ਇਲਾਵਾ ਵਿਧਾਇਕ ਸੁਰਿੰਦਰ ਚੌਧਰੀ ਨੇ ਵੀ ਸਿੱਧੂ ਦੇ ਪ੍ਰਧਾਨ ਬਣਨ ’ਤੇ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ ਪਰ ਵਿਧਾਇਕ ਰਿੰਕੂ ਅਤੇ ਵਿਧਾਇਕ ਬੇਰੀ ਸਮੇਤ ਕਈ ਕੱਦਾਵਰ ਨੇਤਾ ਅਜਿਹੇ ਹਨ, ਜੋ ਸਿੱਧੂ ਖੇਮੇ ਤੋਂ ਪੂਰੀ ਤਰ੍ਹਾਂ ਗਾਇਬ ਰਹੇ ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਕਾਂਗਰਸ ਭਵਨ ਦੇ ਪ੍ਰੋਗਰਾਮ ਵਿਚ ਕੈਪਟਨ ਸਮਰਥਕ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨੇਤਾ ਆਪਣੇ ਸਟੈਂਡ ’ਤੇ ਕਾਇਮ ਰਹਿੰਦੇ ਹਨ ਜਾਂ ਫਿਰ ਆਪਣੇ ਸਬੰਧਤ ਜ਼ਿਲੇ ਵਿਚ ਪ੍ਰਦੇਸ਼ ਪ੍ਰਧਾਨ ਦੇ ਆਗਮਨ ਦੇ ਪ੍ਰੋਟੋਕੋਲ ਨੂੰ ਬਣਾਈ ਰੱਖਦੇ ਹੋਏ ਸਿੱਧੂ ਦੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ: ਫਗਵਾੜਾ ’ਚ ਵੱਡੀ ਵਾਰਦਾਤ, ਉਧਾਰ ਸਾਮਾਨ ਨਾ ਦੇਣ ’ਤੇ ਸਿਰ ’ਚ ਰਾਡ ਮਾਰ ਕੇ ਦੁਕਾਨਦਾਰ ਦਾ ਕੀਤਾ ਕਤਲ

ਸਿੱਧੂ ਲਈ ਪਾਰਟੀ 'ਚ ਪੈਦਾ ਹੋਈ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਨੂੰ ਖਤਮ ਕਰਨਾ ਹੋਵੇਗੀ ਚੁਣੌਤੀ
ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਜ਼ਿਲਾ ਕਾਂਗਰਸ ਵਿਚ ਪੈਦਾ ਹੋਈ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਨੂੰ ਖਤਮ ਕਰਨਾ ਵੀ ਇਕ ਚੁਣੌਤੀ ਹੋਵੇਗੀ ਕਿਉਂਕਿ ਕਾਂਗਰਸ ਅੱਜ ਕਈ ਧੜਿਆਂ ਵਿਚ ਵੰਡ ਚੁੱਕੀ ਹੈ। ਹਰੇਕ ਧੜਾ ਗਲਬੇ ਦੀ ਲੜਾਈ ਵਿਚ ਦੂਜੇ ਨੂੰ ਨੀਵਾਂ ਵਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਹੀ ਨਹੀਂ, ਸੰਸਦ ਮੈਂਬਰ, ਵਿਧਾਇਕ ਅਤੇ ਸੀਨੀਅਰ ਨੇਤਾ ਤਾਂ ਕਾਂਗਰਸ ਭਵਨ ਵਿਚ ਆਉਣਾ ਤੱਕ ਠੀਕ ਨਹੀਂ ਸਮਝਦੇ ਅਤੇ ਨਾ ਹੀ ਉਨ੍ਹਾਂ ਨੇ ਕਦੇ ਕਾਂਗਰਸ ਭਵਨ ਨੂੰ ਸਮਾਂ ਦੇ ਕੇ ਵਰਕਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਦੀ ਕੋਸ਼ਿਸ਼ ਕੀਤੀ। ਸੰਸਦ ਮੈਂਬਰ ਅਤੇ ਸਾਰੇ ਵਿਧਾਇਕ ਕਾਂਗਰਸ ਭਵਨ ਤੋਂ ਕਿਨਾਰਾ ਕਰ ਕੇ ਆਪਣੇ ਦਫਤਰਾਂ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਹੀ ਬੇਸ ਕੈਂਪ ਲਗਾ ਕੇ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਦੇ ਆ ਰਹੇ ਹਨ, ਹਾਲਾਂਕਿ ਪਿਛਲੇ ਸਾਲਾਂ ਦੌਰਾਨ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਦੀ ਲੱਤ ਖਿੱਚਣ ਵਿਚ ਵੀ ਸੀਨੀਅਰ ਨੇਤਾਵਾਂ ਨੇ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ: ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ

ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਵਿਰੁੱਧ ਬਗਾਵਤੀ ਸੁਰਾਂ ਦਾ ਮਾਮਲਾ ਵੀ ਸਿੱਧੂ ਦੇ ਸਾਹਮਣੇ ਉਠਾਇਆ ਜਾਵੇਗਾ
ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਮੇਅਰ ਵਿਰੁੱਧ ਬਗਾਵਤੀ ਸੁਰਾਂ ਦਾ ਮਾਮਲਾ ਵੀ ਪ੍ਰਦੇਸ਼ ਪ੍ਰਧਾਨ ਦੇ ਸਾਹਮਣੇ ਉਠਾਇਆ ਜਾਵੇਗਾ ਕਿ ਕਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਦੇ ਕੌਂਸਲਰ ਹੀ ਮੇਅਰ ਅਤੇ ਕਾਂਗਰਸ ਸਰਕਾਰ ਦੀਆਂ ਕਾਰਗੁਜ਼ਾਰੀਆਂ ਵਿਰੁੱਧ ਆਵਾਜ਼ ਉਠਾਉਣ ਵਿਚ ਜੁਟੇ ਹੋਏ ਹਨ। ਬੀਤੇ ਕੱਲ ਹੀ ਨਿਗਮ ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਨੇ ਜਿਸ ਤਰ੍ਹਾਂ ਇਕ ਤਰ੍ਹਾਂ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਦਿਆਂ ਮੇਅਰ ਵਿਰੁੱਧ ਬਗਾਵਤੀ ਸੁਰ ਅਪਣਾਏ ਸਨ, ਦੇ ਇਲਾਵਾ ਪਿਛਲੇ ਮਹੀਨਿਆਂ ਵਿਚ ਰਾਮਾ ਮੰਡੀ ਇਲਾਕੇ ਦੇ 4 ਕਾਂਗਰਸੀ ਕੌਂਸਲਰਾਂ ਨੇ ਆਪਣੇ ਵਾਰਡਾਂ ਵਿਚ ਪੁਲਸ ਦੀ ਮਿਲੀਭੁਗਤ ਨਾਲ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਸੀ, ਸਬੰਧੀ ਮਾਮਲਿਆਂ ਨੂੰ ਵੀ ਸਿੱਧੂ ਸਾਹਮਣੇ ਰੱਖਿਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਕੌਂਸਲਰ ਜਿਥੇ ਪ੍ਰਦੇਸ਼ ਪ੍ਰਧਾਨ ਸਾਹਮਣੇ ਆਪਣਾ ਪੱਖ ਰੱਖਣਗੇ , ਉਥੇ ਮੇਅਰ ਅਤੇ ਕੁਝ ਵਿਧਾਇਕ ਵੀ ਕੌਂਸਲਰਾਂ ’ਤੇ ਅਨੁਸ਼ਾਸਨ ਦਾ ਡੰਡਾ ਚਲਾਉਣ ਦੀ ਮੰਗ ਕਰਨਗੇ ਤਾਂ ਕਿ ਸਰਕਾਰ ਦੀ ਜਨਤਾ ਸਾਹਮਣੇ ਰੋਜ਼ਾਨਾ ਹੋ ਰਹੀ ਕਿਰਕਿਰੀ ਨੂੰ ਰੋਕਿਆ ਜਾ ਸਕੇ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News