ਨਵਜੋਤ ਸਿੱਧੂ ਦਾ ''ਅਮਰ'' ਪ੍ਰੇਮ ਖਤਮ, ਜਾਣੋ ਪੂਰਾ ਮਾਮਲਾ

02/21/2018 12:11:54 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ 'ਅਮਰ' ਪ੍ਰੇਮ ਖਤਮ ਹੋ ਗਿਆ ਹੈ। ਜੀ ਹਾਂ, ਸਿੱਧੂ ਨੇ ਆਪਣੇ ਖਾਸ ਸਲਾਹਕਾਰ ਅਮਰ ਸਿੰਘ ਦੀ ਛੁੱਟੀ ਕਰ ਦਿੱਤੀ ਹੈ। ਦੱਸ ਦੇਈਏ ਕਿ ਮੰਤਰੀ ਬਣਨ ਤੋਂ ਬਾਅਦ ਹੀ ਸਿੱਧੂ ਨੇ ਰਿਟਾਇਰਡ ਆਈ. ਏ. ਐੱਸ. ਅਫਸਰ ਅਮਰ ਸਿੰਘ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ ਅਤੇ ਅਮਰ ਸਿੰਘ ਨੂੰ ਪੁੱਛੇ ਬਿਨਾਂ ਉਹ ਕੋਈ ਕੰਮ ਨਹੀਂ ਕਰਦੇ ਸਨ ਪਰ ਸਿੱਧੂ ਵਲੋਂ ਅਚਾਨਕ ਅਮਰ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਕਈ ਸਵਾਲ ਖੜ੍ਹੇ ਕਰ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਸਿੱਧੂ ਦੀ ਪਤਨੀ ਅਤੇ ਸਾਬਕਾ ਸੀ. ਪੀ. ਐੱਸ. ਨਵਜੋਤ ਕੌਰ ਸਿੱਧੂ ਹੀ ਅਮਰ ਸਿੰਘ ਦੀ ਥਾਂ 'ਤੇ ਕੰਮਕਾਜ ਦੇਖੇਗੀ। ਸਥਾਨਕ ਸਰਕਾਰਾਂ ਬਾਰੇ ਵਿਭਾਗ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰ ਸਿੰਘ ਖਿਲਾਫ ਸਿੱਧੂ ਨੂੰ ਬਹੁਤ ਹੀ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ ਅਤੇ ਕਿਉਂਕਿ ਸਿੱਧੂ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਹੇ ਹਨ, ਇਸ ਲਈ ਉਨ੍ਹਾਂ ਨੇ ਇਸ ਦੀ ਭਿਣਕ ਲੱਗਦੇ ਹੀ ਤੁਰੰਤ ਅਮਰ ਸਿੰਘ ਦੀ ਛੁੱਟੀ ਕਰ ਦਿੱਤੀ। ਸਥਾਨਕ ਸਰਕਾਰਾਂ ਬਾਰੇ ਵਿਭਾਗ 'ਚ ਅਮਰ ਸਿੰਘ ਦਾ ਅਹੁਦਾ ਸਭ ਤੋਂ ਉੱਚਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਅਫਸਰ ਕੋਈ ਵੀ ਫਾਈਲ ਦਾ ਮੁੱਦਾ ਲੈ ਕੇ ਜਾਂਦਾਂ ਸੀ ਤਾਂ ਸਿੱਧੂ ਇਹੀ ਕਹਿੰਦੇ ਸਨ ਕਿ ਅਮਰ ਸਿੰਘ ਨਾਲ ਸਲਾਹ ਕਰਕੇ ਉਹ ਫੈਸਲਾ ਲੈਣਗੇ ਪਰ ਹੁਣ ਸਿੱਧੂ ਵਲੋਂ ਖੁਦ ਨੂੰ ਅਮਰ ਸਿੰਘ ਨੂੰ ਪਾਸੇ ਕਰ ਦਿੱਤਾ ਗਿਆ ਹੈ।


Related News