ਪ੍ਰੇਮ ਵਿਆਹ ਤੋਂ ਖ਼ਫਾ ਲੜਕੀ ਦੇ ਮਾਪਿਆਂ ਵਲੋਂ ਕੁੜੀ ਅਤੇ ਉਸ ਦੇ ਪਤੀ ''ਤੇ ਹਮਲਾ

03/29/2024 6:22:24 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆਏ ਰਾਮ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਪਹਿਲਾਂ ਪਿੰਡ ਹਰੀਏਵਾਲਾ ਨਿਵਾਸੀ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਦੀ ਬਾਅਦ ਵਿਚ ਅਣਬਣ ਹੋ ਗਈ ਅਤੇ ਉਹ ਆਪਣੇ ਮਾਪਿਆਂ ਕੋਲ ਪਿੰਡ ਕਿਸ਼ਨਪੁਰਾ ਆ ਕੇ ਰਹਿਣ ਲੱਗ ਪਈ, ਜਿਥੇ ਉਸ ਦੇ ਰਾਮ ਸਿੰਘ ਦੇ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਹੋ ਗਏ ਅਤੇ ਉਹ ਉਸ ਦੇ ਨਾਲ ਉਸ ਦੇ ਘਰ ਰਹਿਣ ਲੱਗੀ, ਜਿਨ੍ਹਾਂ ਦੀ ਇਕ ਤਿੰਨ ਮਹੀਨਿਆਂ ਦੀ ਬੱਚੀ ਵੀ ਹੈ। ਰਾਮ ਸਿੰਘ ਡੇਰਾਬੱਸੀ ਵਿਖੇ ਕੰਮ ਕਰਦਾ ਹੈ ਅਤੇ ਪਰਿਵਾਰ ਸਮੇਤ ਰਹਿੰਦਾ ਹੈ।

ਇਸ ਦੌਰਾਨ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਅਮਨਦੀਪ ਕੌਰ ਅਤੇ ਆਪਣੀ ਭਾਣਜੀ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਆਇਆ ਸੀ ਤਾਂ ਜਦੋਂ ਵਾਪਸ ਜਾ ਰਹੇ ਸਨ ਤਾਂ ਅਮਨਦੀਪ ਕੌਰ ਦੇ ਪਿਤਾ ਬੇਅੰਤ ਸਿੰਘ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਜਦੋਂ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਸ ’ਤੇ ਸਾਰੇ ਹਮਲਾਵਰ ਫਰਾਰ ਹੋ ਗਏ। ਚੌਂਕੀ ਇੰਚਾਰਜ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਰਾਮ ਸਿੰਘ ਦੇ ਬਿਆਨਾਂ ’ਤੇ ਬੇਅੰਤ ਸਿੰਘ, ਲਛਮਣ ਸਿੰਘ, ਜੈ ਦੇਵ ਸਿੰਘ, ਜਸਕਰਨ ਸਿੰਘ, ਇੰਦਰਜੀਤ ਸਿੰਘ, ਹਨੀ ਸਿੰਘ, ਬਲਕਾਰ ਸਿੰਘ, ਮਨਪ੍ਰੀਤ ਸਿੰਘ, ਵਿਜੇ ਸਿੰਘ ਅਤੇ ਰੇਸ਼ਮ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਹੈ।


Gurminder Singh

Content Editor

Related News