ਜੋਸ਼ੀ ਤੋਂ ਸੀ. ਡੀ. ਸੀ. ਚਾਰਜ ਲੈਣ ਵਾਲੇ ਅਫਸਰਾਂ ''ਤੇ ਵੀ ਡਿੱਗੇਗੀ ਸਿੱਧੂ ਦੀ ਗਾਜ
Thursday, Jul 13, 2017 - 03:28 AM (IST)

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦੇ ਅਫਸਰਾਂ ਨੂੰ ਰਿਵਰਟ ਜਾਂ ਸਸਪੈਂਡ ਕਰਨ ਬਾਰੇ ਚਲਾਈ ਮੁਹਿੰਮ ਤਹਿਤ ਹਾਲ ਹੀ 'ਚ ਜੋ ਤਿੰਨ ਸੁਪਰਡੈਂਟ ਇੰਜੀਨੀਅਰਾਂ ਤੋਂ ਸੀ. ਡੀ. ਸੀ. ਚਾਰਜ ਵਾਪਸ ਲੈਣ ਦੀ ਕਾਰਵਾਈ ਕੀਤੀ ਹੈ, ਉਸ ਕੈਟਾਗਰੀ 'ਚ ਪੋਸਟਿੰਗ ਦਾ ਮਜ਼ਾ ਲੈ ਰਹੇ ਅਫਸਰਾਂ 'ਤੇ ਵੀ ਗਾਜ ਡਿੱਗਣ ਨੂੰ ਲੈ ਕੇ ਘਬਰਾਹਟ ਦਾ ਮਾਹੌਲ ਹੈ।
ਸਰਕਾਰ ਨੇ ਕਈ ਕੇਸਾਂ 'ਚ ਕੋਰਟ ਦੇ ਸਾਹਮਣੇ ਅੰਡਰਟੇਕਿੰਗ ਦਿੱਤੀ ਹੋਈ ਹੈ ਕਿ ਲੋਕਲ ਬਾਡੀਜ਼ ਦੇ ਅਫਸਰਾਂ ਨੂੰ ਸੀ. ਡੀ. ਸੀ. ਚਾਰਜ ਨਹੀਂ ਦਿੱਤਾ ਜਾਵੇਗਾ, ਕਿਉਂਕਿ ਜਿਨ੍ਹਾਂ ਅਫਸਰਾਂ ਨੂੰ ਸੀ. ਡੀ. ਸੀ. ਚਾਰਜ ਮਿਲਦਾ ਹੈ, ਉਹ ਬਾਅਦ ਵਿਚ ਉਸ ਪੀਰੀਅਡ ਲਈ ਪ੍ਰਮੋਸ਼ਨ ਜਾਂ ਵਿੱਤੀ ਲਾਭ ਦੀ ਦਾਅਵੇਦਾਰੀ ਕਰਦੇ ਹਨ। ਉਸ ਦੇ ਬਾਵਜੂਦ ਨਿਗਮਾਂ ਜਾਂ ਇੰਪਰੂਵਮੈਂਟ ਟਰੱਸਟਾਂ ਦੇ ਉੱਚ ਅਧਿਕਾਰੀ ਆਪਣੇ ਤੌਰ 'ਤੇ ਹੀ ਚਹੇਤੇ ਮੁਲਾਜ਼ਮਾਂ ਨੂੰ ਉਪਰੀ ਪੋਸਟ ਦਾ ਸੀ. ਡੀ. ਸੀ. ਚਾਰਜ ਦਿੰਦੇ ਆ ਰਹੇ ਹਨ। ਹਾਲਾਂਕਿ ਉਸ ਸਬੰਧੀ ਜਾਰੀ ਹੋਣ ਵਾਲੇ ਆਦੇਸ਼ਾਂ 'ਚ ਵਿੱਤੀ ਲਾਭ ਨਾ ਦੇਣ ਦਾ ਜ਼ਿਕਰ ਖਾਸ ਤੌਰ 'ਤੇ ਕੀਤਾ ਜਾਂਦਾ ਹੈ ਪਰ ਉਸ ਮੁਲਾਜ਼ਮ ਵੱਲੋਂ ਆਪਣੀ ਪਾਵਰ 'ਚ ਨਾ ਹੋਣ ਦੇ ਬਾਵਜੂਦ ਉਪਰੀ ਅਫਸਰ ਦੇ ਅਧਿਕਾਰ ਵਾਲੇ ਕੰਮ ਕਰਨ ਨਾਲ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਜਿਸਦੇ ਮੱਦੇਨਜ਼ਰ ਜਿੱਥੇ ਸਰਕਾਰ ਨੇ ਨਿਗਮਾਂ ਅਤੇ ਇੰਪਰੂਵਮੈਂਟ ਟਰੱਸਟਾਂ ਨੂੰ ਆਪਣੇ ਤੌਰ 'ਤੇ ਸੀ. ਡੀ. ਸੀ. ਚਾਰਜ ਨਾ ਦੇਣ ਬਾਰੇ ਆਦੇਸ਼ ਦਿੱਤੇ ਹੋਏ ਹਨ ਅਤੇ ਇਹ ਪਾਵਰ ਆਪਣੇ ਕੋਲ ਰੱਖ ਲਈ ਹੈ।
ਜੇਕਰ ਗੱਲ ਅਕਾਲੀ-ਭਾਜਪਾ ਸਰਕਾਰ ਦੀ ਕਰੀਏ ਤਾਂ ਮੰਤਰੀ ਅਨਿਲ ਜੋਸ਼ੀ ਵੱਲੋਂ ਆਖਰੀ ਦਿਨਾਂ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਥੋਕ ਦੇ ਭਾਅ ਤਰੱਕੀ ਦਿੱਤੀ, ਜੋ ਸੀਨੀਅਰ ਸੂਚੀ 'ਚ ਪਿੱਛੇ ਹੋਣ ਤੋਂ ਇਲਾਵਾ ਤੈਅ ਯੋਗਤਾ ਵੀ ਪੂਰੀ ਨਹੀਂ ਕਰਦੇ ਸਨ, ਉਨ੍ਹਾਂ ਨੂੰ 75 ਫੀਸਦੀ ਯੋਗਤਾ ਪੂਰੀ ਕਰਨ ਦੇ ਆਧਾਰ 'ਤੇ ਐਡਹਾਕ ਪ੍ਰਮੋਸ਼ਨ ਦਿੱਤੀ ਗਈ, ਜੋ ਮੁਲਾਜ਼ਮ ਇਸ ਕੈਟਾਗਰੀ ਵਿਚ ਵੀ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਜੂਨੀਅਰ ਹੋਣ ਦੇ ਬਾਵਜੂਦ ਸੀ. ਡੀ. ਸੀ. ਚਾਰਜ ਦੇ ਕੇ ਉਪਰੀ ਪੋਸਟ 'ਤੇ ਬਿਠਾ ਦਿੱਤਾ ਗਿਆ। ਹੁਣ ਸਿੱਧੂ ਰਾਜ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਸੀ. ਡੀ. ਸੀ. ਦੀ ਮੀਟਿੰਗ 'ਚ ਮਨਜ਼ੂਰੀ ਲਏ ਬਿਨਾਂ ਪ੍ਰਮੋਸ਼ਨ ਲੈਣ ਦੇ ਦੋਸ਼ ਵਿਚ ਲਗਾਤਾਰ ਰਿਵਰਟ ਕੀਤਾ ਜਾ ਰਿਹਾ ਹੈ, ਜਿਸ ਲਿਸਟ 'ਚ ਪਿਛਲੇ ਸਮੇਂ ਦੌਰਾਨ ਸੀ. ਡੀ. ਸੀ. ਚਾਰਜ ਲੈਣ ਵਾਲੇ ਵੀ ਸ਼ਾਮਲ ਹੋ ਗਏ। ਉਸ ਦੇ ਤਹਿਤ ਹਾਲ ਹੀ ਵਿਚ ਇੰਪਰੂਵਮੈਂਟ ਟਰੱਸਟਾਂ ਦੇ ਤਿੰਨ ਸੁਪਰਡੈਂਟ ਇੰਜੀਨੀਅਰਾਂ ਨੂੰ ਵਾਪਸ ਐਕਸੀਅਨ ਬਣਾ ਦਿੱਤਾ ਗਿਆ ਹੈ ਅਤੇ ਉਸ ਕੈਟਾਗਰੀ 'ਚ ਆਉਂਦੇ ਬਾਕੀ ਮੁਲਾਜ਼ਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਆਖਰੀ ਦਿਨਾਂ 'ਚ ਆਰਡਰ ਜਾਰੀ ਕਰਨ ਵਾਲਾ ਰਿਟਾਇਰ ਅਫਸਰ ਵੀ ਰਾਡਾਰ 'ਤੇ
ਜਿੱਥੋਂ ਤੱਕ ਲੋਕਲ ਬਾਡੀਜ਼ 'ਚ ਗਲਤ ਢੰਗ ਨਾਲ ਪ੍ਰਮੋਸ਼ਨ ਅਤੇ ਸੀ. ਡੀ. ਸੀ. ਚਾਰਜ ਦੇਣ ਦਾ ਸਵਾਲ ਹੈ, ਉਸ ਵਿਚ ਜ਼ਿਆਦਾਤਰ ਕੰਮ ਉਸ ਸਮੇਂ ਹੀ ਹੋਇਆ, ਜਦ ਸਰਕਾਰ ਦੇ ਆਖਰੀ ਦਿਨਾਂ 'ਚ ਗਲਤ ਕੰਮ ਕਰਵਾਉਣ ਦਾ ਦਬਾਅ ਵਧਣ ਕਾਰਨ ਸੈਕਟਰੀ ਅਤੇ ਡਾਇਰੈਕਟਰ ਨੇ ਛੁੱਟੀ ਲੈ ਲਈ ਸੀ। ਉਸ ਸਮੇਂ ਇਕ ਰਿਟਾਇਰ ਅਫਸਰ ਨੂੰ ਡਾਇਰੈਕਟਰ ਦਾ ਚਾਰਜ ਦੇ ਦਿੱਤਾ ਗਿਆ, ਜਿਸ ਨੇ ਅੱਖਾਂ ਬੰਦ ਕਰ ਕੇ ਪ੍ਰਮੋਸ਼ਨ ਅਤੇ ਸੀ. ਡੀ. ਸੀ. ਚਾਰਜ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ। ਜਿਸ ਦੇ ਲਈ ਡਾਇਰੈਕਟਰ ਅਤੇ ਐਡੀਸ਼ਨਲ ਸੈਕਟਰੀ ਤੱਕ ਦੇ ਨਾਂ ਦਾ ਪ੍ਰਯੋਗ ਕੀਤਾ ਗਿਆ, ਜੋ ਉਸ ਦੀ ਪਾਵਰ 'ਚ ਹੀ ਨਹੀਂ ਸੀ। ਹਾਲਾਂਕਿ ਨਵੀਂ ਸਰਕਾਰ ਆਉਣ 'ਤੇ ਉਕਤ ਅਫਸਰ ਨੂੰ ਫਾਰਗ ਕਰ ਦਿੱਤਾ ਗਿਆ ਹੈ ਪਰ ਪਹਿਲਾਂ ਕੀਤੇ ਗਲਤ ਕੰਮਾਂ ਲਈ ਵਿਜੀਲੈਂਸ ਨੂੰ ਕੇਸ ਸੌਂਪਣ ਬਾਰੇ ਉਹ ਸਿੱਧੂ ਦੇ ਰਾਡਾਰ 'ਤੇ ਹੈ।