ਨਸ਼ੇ ਨੇ ਉਜਾੜਿਆ ਪਰਿਵਾਰ, ਨੌਜਵਾਨ ਦੀ ਖੇਡ ਸਟੇਡੀਅਮ ''ਚੋਂ ਮਿਲੀ ਲਾਸ਼, ਨੇੜੇ ਪਈ ਸੀ ਸਰਿੰਜ
Monday, Sep 08, 2025 - 01:38 PM (IST)

ਝਬਾਲ (ਨਰਿੰਦਰ) : ਅਜੇ ਕੁਝ ਦਿਨ ਪਹਿਲਾਂ ਹੀ ਜਗਬਾਣੀ ਵਿਚ ਖ਼ਬਰ ਲੱਗੀ ਸੀ ਕਿ ਝਬਾਲ ਦੀਆਂ ਮੜੀਆਂ ਅਤੇ ਖੇਡ ਸਟੇਡੀਅਮ ਨਸ਼ਿਆਂ ਦਾ ਅੱਡਾ ਬਣ ਚੁੱਕਾ ਹੈ ਪ੍ਰੰਤੂ ਸਬੰਧਤ ਪੁਲਸ ਪ੍ਰਸ਼ਾਸਨ ਖਾਮੋਸ਼ ਬੈਠਾ ਹੈ। ਜਿਸ ਦੇ ਚੱਲਦਿਆਂ ਅੱਜ ਪਿੰਡ ਬਘਿਆੜੀ ਦਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਦੀ ਲਾਸ਼ ਅੱਜ ਖੇਡ ਸਟੇਡੀਅਮ ਝਬਾਲ ਤੋਂ ਮਿਲੀ ਜਿਸ ਦੇ ਨੇੜੇ ਇਕ ਖੂਨ ਨਾਲ ਲਿਬੜੀ ਸਰਿੰਜ ਪਈ ਸੀ। ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਨੇ ਪਿੰਡ ਦੇ ਪਤਵੰਤੇ ਜਿਨ੍ਹਾਂ ਵਿਚ ਗੁਰਦਰਸ਼ਨ ਸਿੰਘ ਬਘਿਆੜੀ, ਡਾਕਟਰ ਫੁਲਵਿੰਦਰ ਸਿੰਘ ਟਿੱਪਾ, ਮਲਕੀਅਤ ਸਿੰਘ,ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ ਤੇ ਹੋਰ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਦਾ ਭਰਾ ਨਿਸ਼ਾਨ ਸਿੰਘ ਜੋ ਵਿਆਹਿਆ ਸੀ ਅਤੇ ਉਸ ਦੀ ਘਰ ਵਾਲੀ ਲੜ ਕੇ ਪੇਕੇ ਚਲੇਗੀ ਸੀ ਪਿਛਲੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਸੀ ਅਤੇ ਕੱਲ ਸ਼ਾਮ ਦਾ ਘਰੋਂ ਨਿਕਲਿਆ ਤੇ ਵਾਪਸ ਨਾ ਜਾਣ ਕਰਕੇ ਅਸੀਂ ਲੱਭ ਰਹੇ ਸੀ।
ਅੱਜ ਸਵੇਰੇ ਕਿਸੇ ਨੇ ਦੱਸਿਆ ਕਿ ਝਬਾਲ ਖੇਡ ਸਟੇਡੀਅਮ ਵਿਚ ਇਕ ਵਿਅਕਤੀ ਪਿਆ ਹੈ ਜਦੋਂ ਅਸੀਂ ਆ ਕੇ ਵੇਖਿਆ ਤਾਂ ਮੇਰਾ ਭਰਾ ਉਥੇ ਮਰਿਆ ਪਿਆ ਸੀ ਅਤੇ ਨੇੜੇ ਹੀ ਸਰਿੰਜ ਪਈ ਸੀ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਡੀ. ਐੱਸ. ਪੀ ਜਗਜੀਤ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।