ਰਾਤੀਂ ਪਰਿਵਾਰ ਨਾਲ ਗੂੜ੍ਹੀ ਨੀਂਦੇ ਸੁੱਤਾ ਪਿਆ ਸੀ ਡਾਕਟਰ, ਫਿਰ ਜੋ ਹੋਇਆ ਸੁਣ ਕੰਬ ਜਾਵੇ ਰੂਹ

Monday, Sep 01, 2025 - 11:54 AM (IST)

ਰਾਤੀਂ ਪਰਿਵਾਰ ਨਾਲ ਗੂੜ੍ਹੀ ਨੀਂਦੇ ਸੁੱਤਾ ਪਿਆ ਸੀ ਡਾਕਟਰ, ਫਿਰ ਜੋ ਹੋਇਆ ਸੁਣ ਕੰਬ ਜਾਵੇ ਰੂਹ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰ ਵਿਕਰਮਪਾਲ ਸਿੰਘ ਦੇ ਸਰਕਾਰੀ ਕੁਆਟਰ ’ਚ ਦੇਰ ਰਾਤ ਦਾਖਲ ਹੋਏ ਤਿੰਨ ਅਣਪਛਾਤੇ ਲੁਟੇਰਿਆਂ ਨੇ ਡਾਕਟਰ ਨੂੰ ਜ਼ਖ਼ਮੀ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੌਕ ’ਤੇ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਡਾਕਟਰ ਵਿਕਰਮਪਾਲ ਸਿੰਘ ਨੇ ਦੱਸਿਆ ਕਿ ਉਹ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਹਨ ਤੇ ਉਨ੍ਹਾਂ ਦੀ ਰਿਹਾਇਸ਼ ਵੀ ਹਸਪਤਾਲ ਦੇ ਅੰਦਰ ਹੀ ਬਣੇ ਸਰਕਾਰੀ ਕੁਆਟਰਾਂ ’ਚ ਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਹ ਆਪਣੇ ਪਰਿਵਾਰ ਆਪਣੀ ਪਤਨੀ ਅਤੇ ਦੋ ਬੱਚਿਆਂ ਬੇਟੀ ਅਤੇ ਛੋਟੇ ਬੇਟੇ ਸਮੇਤ ਆਪਣੇ ਕੁਆਟਰ ਵਿਖੇ ਗੁੱੜੀ ਨੀਂਦ ’ਚ ਸੁੱਤੇ ਪਏ ਸਨ ਤਾਂ ਰਾਤ ਦੇ ਕਰੀਬ ਢਾਈ ਵਜੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਅਚਾਨਕ ਹੀ ਘਰ ਅੰਦਰ ਦਾਖਲ ਹੋਏ ਤਿੰਨ ਅਣਪਛਾਤਿਆਂ ਨੇ ਉਨ੍ਹਾਂ ਦੇ ਬੈਡਰੂਮ ’ਚ ਜਾ ਕੇ ਉਨ੍ਹਾਂ ਦੀ ਪਤਨੀ ਦੇ ਗਲੇ ਉਪਰ ਤੇਜ਼ਧਾਰ ਹਥਿਆਰ ਰੱਖ ਕੇ ਉਨ੍ਹਾਂ ਨੂੰ ਘਰ ਅੰਦਰ ਪਈ ਨਗਦੀ ਅਤੇ ਗਹਿਣਿਆਂ ਦੀ ਜਾਣਕਾਰੀ ਦੇਣ ਲਈ ਕਿਹਾ।

ਇਸ ਦੌਰਾਨ ਜਦੋਂ ਡਾਕਟਰ ਵਿਕਰਮਪਾਲ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਣ ਤੋਂ ਇਨਕਾਰ ਕੀਤਾ ਤਾਂ ਉਕਤ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ’ਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਘਰ ਅੰਦਰ ਪਈਆਂ ਅਲਮਾਰੀਆਂ ਅਤੇ ਹੋਰ ਸਮਾਨ ਦੀ ਫੋਰਾਲਾ ਕੀਤੀ ਅਤੇ ਘਰ ਅੰਦਰ ਪਈ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਏ।

ਡਾਕਟਰ ਵਿਕਰਮਪਾਲ ਸਿੰਘ ਨੇ ਦੱਸਿਆ ਕਿ ਇਹ ਲੁਟੇਰੇ 3 ਲੱਖ ਤੋਂ ਵੱਧ ਦੀ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਗਏ ਹਨ। ਲੁਟੇਰਿਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਅਤੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਘਟਨਾ ਸਥਾਨ ’ਤੇ ਪਹੁੰਚੇ ਡੀ.ਐਸ.ਪੀ ਰਾਹੂਲ ਕੌਂਸਲ ਅਤੇ ਹੋਰ ਪੁਲਸ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ। ਡੀ.ਐਸ.ਪੀ ਰਾਹੂਲ ਕੌਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਘਟਨਾ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News