ਕੈਪਟਨ ਵਾਲੀ ਜ਼ੁੱਰਅਤ ਹੁਣ ਲੋਕ ਸਿੱਧੂ ''ਚ ਦੇਖਣ ਲੱਗੇ!

07/18/2019 12:59:09 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਵਾਲੇ ਸੀਨੀਅਰ ਤੇਜ਼-ਤਰਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਚਰਚਾ ਹੁਣ ਲੋਕ ਚੌਕ-ਚੌਰਾਹਿਆਂ, ਗਲੀ-ਮੁਹੱਲਿਆਂ 'ਚ ਕਰਨ ਲੱਗ ਪਏ ਹਨ। ਇਹ ਚਰਚਾ ਉਸ ਤਰ੍ਹਾਂ ਦੀ ਹੈ, ਜਿਵੇਂ ਪਿਛਲੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਹੌਂਸਲੇ ਅਤੇ ਉਨ੍ਹਾਂ ਵਲੋਂ ਉਸ ਵੇਲੇ ਲਏ ਸਖਤ ਫੈਸਲਿਆਂ ਕਰਕੇ ਸਮੁੱਚਾ ਪੰਜਾਬ ਕਰ ਰਿਹਾ ਸੀ, ਜਿਸ ਕਾਰਨ ਹੀ ਪੰਜਾਬ 'ਚ ਕਾਂਗਰਸ ਦੇ ਪੈਰ ਲੱਗੇ ਸਨ।
ਹੁਣ ਫਿਰ ਇਕ ਵਾਰ ਨਵਜੋਤ ਸਿੰਘ ਸਿੱਧੂ ਦੀ ਚਰਚਾ ਉਸੇ ਤਰਜ਼ 'ਤੇ ਹੋਣ ਲੱਗੀ ਹੈ। ਸਿਆਸੀ ਗਲਿਆਰਿਆਂ 'ਚ ਇਸ ਗੱਲ ਨੇ ਜ਼ੋਰ ਫੜ੍ਹ ਲਿਆ ਕਿ ਹੁਣ ਨਵਜੋਤ ਸਿੱਧੂ ਮੰਤਰੀ ਨਹੀਂ ਬਣੇਗਾ ਤੇ ਹੋਰ ਵੱਡੇ ਅਹੁਦੇ ਦੀ ਝਾਕ ਨਹੀਂ ਰੱਖੇਗਾ ਪਰ ਉਹ ਇਸ ਗੱਲ 'ਤੇ ਅੜੇਗਾ ਕਿ ਕੋਈ ਵੀ ਮੁੱਖ ਮੰਤਰੀ ਰਹੇ ਪਰ 2017 'ਚ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਉਹ ਵਾਅਦੇ ਪੂਰੇ ਕੀਤੇ ਜਾਣ, ਜਿਨ੍ਹਾਂ 'ਚ ਨਸ਼ਾ, ਅਕਾਲੀਆਂ ਖਿਲਾਫ ਕਾਰਵਾਈ ਅਤੇ ਆਪਣੇ ਵਰਕਰਾਂ ਦੀ ਪੁੱਛ-ਪ੍ਰਤੀਤ ਆਦਿ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਢਾਈ ਸਾਲ ਹੋ ਗਏ, ਜ਼ਿਆਦਾਤਰ ਕਾਂਗਰਸੀ ਵਿਧਾਇਕ ਅਤੇ ਮੰਤਰੀ ਇਹ ਦੇਖ ਕੇ ਅੱਕ ਚੁੱਕੇ ਹਨ ਕਿ ਸਰਕਾਰ ਦਾ ਫ੍ਰੈਂਡਲੀ ਮੈਚ ਕਦੋਂ ਖਤਮ ਹੋਵੇਗਾ ਕਿਉਂਕਿ ਅਜੇ ਢਾਈ ਸਾਲ ਪਏ ਹਨ ਪਰ ਸਾਡੀ ਸਰਕਾਰ ਹੁੰਦਿਆਂ ਅਕਾਲੀ ਆਖ ਰਹੇ ਹਨ ਕਿ ਸਰਕਾਰ ਆਉਣ 'ਤੇ ਕਾਂਗਰਸੀਆਂ ਨੂੰ ਜੇਲਾਂ 'ਚ ਤੁੰਨ ਦਿਆਂਗੇ। ਪੁਲਸ ਅਧਿਕਾਰੀਆਂ ਨੂੰ ਠੀਕ ਕਰ ਦਿਆਂਗੇ। ਇਹ ਸੁਣ ਕੇ ਕਾਂਗਰਸੀ ਵਰਕਰ ਸੋਚ ਰਹੇ ਹਨ ਕਿ ਸਰਕਾਰ ਸੂਬੇ 'ਚ ਸਾਡੀ ਹੈ ਪਰ ਸਿਆਸੀ ਲਲਕਾਰ ਅਕਾਲੀ ਮਾਰ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਹੁਣ ਕਾਂਗਰਸ ਤੇ ਪੰਜਾਬ ਦੇ ਲੋਕ ਸਿੱਧੂ ਨੂੰ ਪਹਿਲਾਂ ਵਾਲਾ ਕੈਪਟਨ ਦੀ ਜ਼ੁਰੱਅਤ ਵਾਲਾ ਨੇਤਾ ਸਮਝਣ ਲੱਗ ਪਏ ਹਨ ਕਿ ਮਹਾਰਾਜਾ ਵਾਲੇ ਫੈਸਲੇ ਹੁਣ ਸਿੱਧੂ ਹੀ ਲਵੇਗਾ।


Babita

Content Editor

Related News