ਸਿੱਧੂ ਦੇ ਰਾਜਨੀਤੀ ਵਿਰੋਧੀ ਨਿਗਮ ਅਤੇ ਟਰੱਸਟ ’ਚ ਹੋਏ ਐਕਟਿਵ, ਬੱਸੀ ਨੇ ਮੌਕਾ ਵੇਖ ਲਾਇਆ ਛੱਕਾ
Monday, May 17, 2021 - 01:23 PM (IST)
ਅੰਮ੍ਰਿਤਸਰ (ਰਮਨ) - ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਜੰਗ ਕਿਸੇ ਤੋਂ ਲੁਕੀ ਨਹੀਂ। ਜਦੋਂ ਤੋਂ ਸਿੱਧੂ ਦੀ ਕਾਂਗਰਸ ’ਚ ਐਂਟਰੀ ਹੋਈ ਹੈ, ਉਦੋਂ ਤੋਂ ਉਹ ਕਈਆਂ ਦੀ ਅੱਖ ’ਚ ਰੜਕਦੇ ਹਨ, ਉਥੇ ਹੀ ਸਿੱਧੂ ਆਪਣੀ ਸਰਕਾਰ ਨੂੰ ਲੰਮੇ ਹੱਥੀਂ ਲੈਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਹੁਣ ਤਾਂ ਉਨ੍ਹਾਂ ਦੀ ਲੜਾਈ ਸਿੱਧੀ ਚੱਲ ਰਹੀ ਹੈ ਅਤੇ ਹਰ ਰੋਜ਼ ਟਵੀਟ ਕਰ ਕੇ ਨਵੇਂ ਧਮਾਕੇ ਕਰ ਰਹੇ ਹਨ। ਦੂਜੇ ਪਾਸੇ ਸਿੱਧੂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ, ਵਿਜੀਲੈਂਸ ਵੱਲੋਂ ਰਿਕਾਰਡ ਨੂੰ ਲੈ ਕੇ ਮਾਹੌਲ ਭੱਖ ਗਿਆ ਹੈ, ਜਿਸ ਨੂੰ ਲੈ ਕੇ ਅੰਮ੍ਰਿਤਸਰ ’ਚ ਉਨ੍ਹਾਂ ਦੇ ਰਾਜਨੀਤੀ ਵਿਰੋਧੀ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ’ਚ ਐਕਟਿਵ ਹੋ ਗਏ ਹਨ। ਉਨ੍ਹਾਂ ਨੇ ਉਸ ਖ਼ਿਲਾਫ਼ ਦਸਤਾਵੇਜ਼ ਅਤੇ ਹੋਰ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸਾਰੇ ਲੋਕ ਅਧਿਕਾਰੀਆਂ ਨਾਲ ਸੰਪਰਕ ਕਰਨ ’ਚ ਲੱਗੇ ਹੋਏ ਹਨ। ਉਥੇ ਹੀ ਉਨ੍ਹਾਂ ਦੇ ਕਾਰਜਕਾਲ ’ਚ ਸ਼ਹਿਰ ਦੇ ਅੰਦਰ ਬਣੇ ਨਾਜਾਇਜ਼ ਹੋਟਲਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਨਾਜਾਇਜ਼ ਉਸਾਰੀਆਂ ਹੋਈਆਂ ਹਨ।
2 ਸਾਲ ਪੁਰਾਣਾ ਨਿਕਲਿਆ ਜਿੰਨ
ਬੀਤੇ ਦਿਨ ਪੰਜਾਬ ’ਚ ਛਿੜੀ ਵਿਜੀਲੈਂਸ ਦੀ ਚਰਚਾ ਦੀ ਗੱਲ ਕਰੀਏ ਤਾਂ ਉਹ 2 ਸਾਲ ਪਹਿਲਾਂ ਤੋਂ ਚੱਲ ਰਹੀ ਹੈ ਅਤੇ ਵਿਜੀਲੈਂਸ ਵੱਲੋਂ ਪ੍ਰਾਜੈਕਟਾਂ, ਰਣਜੀਤ ਐਵੀਨਿਊ 68, 69 ਨੰਬਰ ਬੂਥ ਦਾ ਰਿਕਾਰਡ, ਕੰਸਟਰਕਸ਼ਨ ਫਰਮ ਤੋਂ ਹੋਏ ਕੰਮਾਂ, ਉਥੇ ਨਿਗਮ ਤੋਂ ਨਾਜਾਇਜ਼ ਉਸਾਰੀਆਂ ਅਤੇ ਚੱਲ ਰਹੇ ਕੰਮਾਂ ਦਾ ਰਿਕਾਰਡ ਲਿਆ ਸੀ। ਹੁਣ ਇਹ 2 ਸਾਲ ਪੁਰਾਣਾ ਰਿਕਾਰਡ ਜਿੰਨ ਨਿਕਲਿਆ ਹੈ, ਉਥੇ ਰਾਜਨੀਤੀ ਗਲਿਆਰੇ ’ਚ ਇਹ ਚਰਚਾ ਚੱਲ ਰਹੀ ਹੈ ਕਿ ਸਿੱਧੂ ਜਿਸ ਤਰ੍ਹਾਂ ਬੋਲ ਰਹੇ ਹਨ, ਉਸ ਨੂੰ ਲੈ ਕੇ ਇਹ ਐਕਸ਼ਨ ਲਿਆ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਦੀ ਇਸ ’ਤੇ ਨਜ਼ਰ
ਸੀਨੀਅਰ ਨੇਤਾ ਮਨਦੀਪ ਸਿੰਘ ਮੰਨਾ ਨੇ ਪਿਛਲੇ 3 ਸਾਲ ਪਹਿਲਾਂ ਸਿੱਧੂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਦੋਸ਼ ਲਾਏ ਸਨ, ਜਿਸ ’ਚ ਉਨ੍ਹਾਂ ਨੇ ਡਾ. ਨਵਜੋਤ ਕੌਰ ਸਿੱਧੂ, ਓ.ਐੱਸ.ਡੀ.ਤੋਂ ਲੈ ਕੇ ਪੀ.ਏ.ਤੱਕ ਖ਼ਿਲਾਫ਼ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਵੱਲੋਂ ਇਸ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਗਏ ਸਨ ਪਰ ਹੋਇਆ ਕੁਝ ਨਹੀਂ। ਮੰਨਾ ਨੇ ਕਿਹਾ ਕਿ ਜੋ ਮੇਰੇ ਵੱਲੋਂ ਦੋਸ਼ ਲਾਏ ਗਏ ਸਨ, ਉਦੋਂ ਕਾਰਵਾਈ ਕੀਤੀ ਹੁੰਦੀ ਤਾਂ ਠੀਕ ਹੁੰਦਾ। ਕਿਤੇ ਹੁਣ ਫਿਰ ਤੋਂ ਦੁਬਾਰਾ ਇਸ ਨੂੰ ਠੰਡੇ ਬਸਤੇ ’ਚ ਨਾ ਪਾ ਦਿੱਤਾ ਜਾਵੇ, ਕਿਉਂਕਿ ਸਾਰੇ ਪੰਜਾਬ ਦੇ ਲੋਕਾਂ ਦੀ ਇਸ ’ਤੇ ਨਜ਼ਰ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੇ ਕੋਲ ਸਾਰਾ ਰਿਕਾਰਡ ਹੈ। ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਨਵੇਂ ਮੰਤਰੀ ਇਸ ਵਿਭਾਗ ’ਚ ਆਏ ਹਨ, ਕੀ ਉਨ੍ਹਾਂ ਨੇ ਠੀਕ ਕੰਮ ਕੀਤਾ ਹੈ, ਉਨ੍ਹਾਂ ਦੇ ਕੰਮਾਂ ਦਾ ਰਿਕਾਰਡ ਵੀ ਚੈੱਕ ਹੋਣਾ ਚਾਹੀਦਾ ਹੈ।
ਬੱਸੀ ਨੇ ਸਿੱਧੂ ਖ਼ਿਲਾਫ਼ ਜੰਮ ਕੇ ਕੱਢੀ ਭੜਾਸ
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦਾ ਸਿੱਧੂ ਦੇ ਨਾਲ ਛੱਤੀ ਦਾ ਅੰਕੜਾ ਹੈ। ਨਿਗਮ ਚੋਣਾਂ ’ਚ ਬੱਸੀ ਦਾ ਟਿਕਟ ਵੀ ਕੱਟਿਆ ਸੀ, ਉਥੇ ਹੀ ਟਰੱਸਟ ਦੀ ਚੇਅਰਮੈਨੀ ਨੂੰ ਲੈ ਕੇ ਕਾਫ਼ੀ ਮਾਹੌਲ ਗਰਮਾਇਆ ਸੀ। ਹੁਣ ਜਦੋਂ ਸਿੱਧੂ ਖ਼ਿਲਾਫ਼ ਮਾਹੌਲ ਗਰਮਾਇਆ ਤਾਂ ਬੱਸੀ ਨੇ ਮੌਕਾ ਵੇਖ ਕੇ ਛੱਕਾ ਲਾਇਆ ਹੈ ਅਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਟਰੱਸਟ ’ਚ ਜਦੋਂ ਤੋਂ ਉਨ੍ਹਾਂ ਨੇ ਕਮਾਨ ਸਾਂਭੀ ਹੈ, ਉਸ ਤੋਂ ਪਹਿਲਾਂ ਇਹ ਇਨਕੁਆਇਰੀਆਂ ਚੱਲ ਰਹੀਆਂ ਹਨ। ਵਿਜੀਲੈਂਸ ਅਤੇ ਸਰਕਾਰ ਵੱਲੋਂ ਜੋ ਰਿਕਾਰਡ ਮੰਗਵਾਇਆ ਜਾਂਦਾ ਹੈ, ਉਹ ਅਧਿਕਾਰੀਆਂ ਵੱਲੋਂ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਸਿੱਧੂ ਦੇ ਓ.ਐੱਸ.ਡੀ. ਗੌਰਵ ਵਾਸੂਵੇਦ ਦਾ ਖੁੱਲ੍ਹ ਕੇ ਨਾਮ ਲਿਆ ਕਿ ਬੂਥ ਨੰਬਰ 68 ਅਤੇ 69 ’ਚ ਉਨ੍ਹਾਂ ਦਾ ਹੱਥ ਹੈ ਅਤੇ ਇਹ ਦਸਤਾਵੇਜ਼ ਵਿਖਾ ਰਹੇ ਹਨ। ਬਾਅਦ ’ਚ ਬੱਸੀ ਨੇ ਬਿਲਡਿੰਗ ’ਤੇ ਕਾਰਵਾਈ ਕੀਤੀ ਅਤੇ ਸੀਲ ਕਰਵਾਇਆ, ਉਥੇ ਹੀ ਉਨ੍ਹਾਂ ਨੇ ਪੀ. ਏ. ਨੂੰ ਲੈ ਕੇ ਖੁੱਲ੍ਹ ਕੇ ਬੋਲਿਆ, ਦੀ ਕੰਸਟਰਕਸ਼ਨ ਕੰਪਨੀ ਵੱਲੋਂ ਕਿਸ ਤਰ੍ਹਾਂ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੰਮ ਕੇ ਘਪਲੇਬਾਜ਼ੀਆਂ ਹੋਈਆਂ ਹਨ, ਬੱਸੀ ਨੇ ਆਪਣੀ ਪਿਛਲੇ ਸਾਲਾਂ ਦੀ ਭੜਾਸ ਜੰਮ ਕੇ ਕੱਢੀ।
ਸਾਲਾਂ ਤੋਂ ਬੰਦ ਪਿਆ ਹੈ ਨਿਗਮ ’ਚ ਸਿੱਧੂ ਦਾ ਕਮਰਾ
ਸਿੱਧੂ ਜਦੋਂ ਲੋਕਲ ਬਾਡੀ ਮੰਤਰੀ ਸਨ, ਉਦੋਂ ਉਨ੍ਹਾਂ ਵੱਲੋਂ ਨਿਗਮ ’ਚ ਇਕ ਦਫ਼ਤਰ ਬਣਾਇਆ ਗਿਆ, ਜਿਸ ’ਤੇ ਅਜੇ ਤੱਕ ਪਿਛਲੇ ਸਾਲਾਂ ਤੋਂ ਤਾਲਾ ਲਟਕਿਆ ਹੈ। ਇਸ ਦਫ਼ਤਰ ’ਚ ਇਨਫ਼ਰਾਸਟਰੱਕਚਰ ’ਤੇ ਲੱਖਾਂ ਰੁਪਏ ਲੱਗੇ ਹਨ, ਜਿਸ ਨੂੰ ਲੈ ਕੇ ਮਾਹੌਲ ਗਰਮਾਇਆ ਸੀ। ਬਾਅਦ ’ਚ ਜਦੋਂ ਇਸ ਦਫ਼ਤਰ ਦਾ ਉਦਘਾਟਨ ਹੋਇਆ ਤਾਂ ਇਹ ਕਿਹਾ ਗਿਆ ਕਿ ਇੱਥੇ ਕਿਸੇ ਵੀ ਸ਼ਹਿਰ ਦਾ ਮੰਤਰੀ ਆ ਕੇ ਬੈਠ ਸਕਦਾ ਹੈ, ਇਹ ਸਾਰਿਆਂ ਲਈ ਹੈ। ਅੱਜ ਦੇ ਦਿਨ ਤੱਕ ਇਸ ਦਫ਼ਤਰ ਦੇ ਤਾਲੇ ਨੂੰ ਕਿਸੇ ਨੇ ਨਹੀਂ ਖੋਲ੍ਹਿਆ, ਉਥੇ ਹੀ ਸਾਲ 2019 ’ਚ ਜਦੋਂ ਵਿਜੀਲੈਂਸ ਵੱਲੋਂ ਇਸ ਦਾ ਰਿਕਾਰਡ ਚੈੱਕ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਇਸ ਦਫ਼ਤਰ ਨੂੰ ਲੈ ਕੇ ਪੈਸੇ ਖ਼ਰਚ ਕੀਤੇ, ਉਹ ਜਨਤਾ ਦੀ ਜੇਬ ਦਾ ਟੈਕਸ ਹੈ। ਉਸ ਦਫ਼ਤਰ ’ਤੇ ਪਿਛਲੇ ਸਾਲਾਂ ਤੋਂ ਤਾਲਾ ਲਟਕਿਆ ਹੈ। ਇਸ ਦਫ਼ਤਰ ਨੂੰ ਨਿਗਮ ’ਚ ਇਸ ਲਈ ਨਹੀਂ ਖੋਲ੍ਹਿਆ ਜਾਂਦਾ ਕਿ ਪਤਾ ਨਹੀਂ ਕਦੋਂ ਸਿੱਧੂ ਨੂੰ ਮੁੜ ਲੋਕਲ ਬਾਡੀ ਡਿਪਾਰਟਮੈਂਟ ਮਿਲ ਜਾਵੇ।