ਫਾਸਟ ਵੇਅ ਕੰਪਨੀ ਖਿਲਾਫ ਸਿੱਧੂ ਦਾ ਹੱਲਾ-ਬੋਲ

Wednesday, Jul 26, 2017 - 03:47 AM (IST)

ਕੇਬਲ ਕੁਨੈਕਸ਼ਨ ਦੇ ਨਾਲ ਖੰਭਿਆਂ 'ਤੇ ਤਾਰਾਂ ਪਾਉਣ ਦਾ ਵੀ ਹੋਵੇਗਾ ਸਰਵੇ
ਲੁਧਿਆਣਾ(ਜ.ਬ.)-ਫਾਸਟ ਵੇਅ ਕੰਪਨੀ ਦੇ ਕੇਬਲ ਕੁਨੈਕਸ਼ਨਾਂ ਦਾ ਸਹੀ ਅੰਕੜਾ ਜੁਟਾਉਣ ਲਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੇ ਨਿਰਦੇਸ਼ਾਂ 'ਤੇ ਜੋ ਡੋਰ-ਟੂ-ਡੋਰ ਸਰਵੇ ਸ਼ੁਰੂ ਕਰਵਾਇਆ ਗਿਆ, ਉਸ ਦੇ ਤਹਿਤ ਲੱਗੇ ਨਗਰ ਨਿਗਮ ਕਰਮਚਾਰੀਆਂ ਨੂੰ ਸਰਕਾਰੀ ਖੰਭਿਆਂ 'ਤੇ ਪਾਈਆਂ ਗਈਆਂ ਕੇਬਲ ਤਾਰਾਂ ਦਾ ਬਿਓਰਾ ਵੀ ਜੁਟਾਉਣ ਦਾ ਜਿੰਮਾ ਸੌਂਪ ਦਿੱਤਾ ਗਿਆ ਹੈ।ਚਾਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ਦੀ ਨਜ਼ਦੀਕੀ ਮੰਨੀ ਜਾਂਦੀ ਕੇਬਲ ਕੰਪਨੀ ਨੂੰ ਸਿੱਧਾ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਪਰ ਸਿੱਧੂ ਨੇ ਪੂਰਾ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਵਿਧਾਨ ਸਭਾ ਤੋਂ ਲੈ ਕੇ ਜਨਤਕ ਤੌਰ 'ਤੇ ਕੰਪਨੀ ਦਾ ਕੱਚਾ ਚਿੱਠਾ ਖੋਲ੍ਹਣ ਵਿਚ ਜੁਟੇ ਹੋਏ ਹਨ। ਉਸ ਦੇ ਤਹਿਤ ਹਰ ਘਰ ਵਿਚ ਲੱਗੇ ਕੇਬਲ ਕੁਨੈਕਸ਼ਨਾਂ ਦਾ ਬਿਓਰਾ ਇਕੱਠਾ ਕਰਵਾਇਆ ਜਾ ਰਿਹਾ ਹੈਸ ਜਿਸ ਕੰਮ 'ਤੇ ਸੇਵਾਦਾਰਾਂ, ਡਾਟਾ ਐਂਟਰੀ ਆਪ੍ਰੇਟਰਾਂ, ਪੰਪ ਆਪ੍ਰੇਟਰ, ਹੈਲਥ ਵਰਕਰ, ਕਲਰਕ, ਬਿੱਲ ਡਿਸਟ੍ਰੀਬਿਊਟਰ, ਹਾਊਸ ਟੈਕਸ ਇੰਸਪੈਕਟਰ, ਜੇ. ਈ. ਸੈਨੇਟਰੀ ਇੰਸਪੈਕਟਰਾਂ ਨੂੰ ਲਾਇਆ ਗਿਆ ਹੈ। ਉਨ੍ਹਾਂ ਨੂੰ ਵਾਰਡ ਵਾਈਜ਼ ਡਿਊਟੀ ਦੇਣ ਤੋਂ ਇਲਾਵਾ ਐੱਸ. ਡੀ. ਓ., ਸੁਪਰਡੈਂਟ ਅਤੇ ਐਕਸੀਅਨਾਂ ਨੂੰ ਗਰੁੱਪ ਜਾਂ ਜ਼ੋਨ ਦਾ ਨੋਡਲ ਅਫਸਰ ਬਣਾਇਆ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਸਰਵੇਖਣ ਦਾ ਮਕਸਦ ਸੈੱਟ ਟਾਪ ਬਾਕਸ ਦਾ ਸਹੀ ਅੰਕੜਾ ਪਤਾ ਲਗਾਉਣਾ ਹੈ, ਕਿਉਂਕਿ ਇਨ੍ਹਾਂ ਬਾਕਸ ਨੂੰ ਇੰਪੋਰਟ ਕਰਨ ਦਾ ਟੈਕਸ ਨਾ ਦੇਣ ਸਮੇਤ ਕੁਨੈਕਸ਼ਨਾਂ ਦੀ ਗਿਣਤੀ ਮੁਤਬਾਕ ਸਰਵਿਸ ਟੈਕਸ ਦੀ ਚੋਰੀ ਕਰਨ ਦਾ ਦੋਸ਼ ਸਿੱਧੂ ਵੱਲੋਂ ਕੰਪਨੀ 'ਤੇ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਧੂ ਨੇ ਬਿਨਾਂ ਮਨਜ਼ੂਰੀ ਦੇ ਅੰਡਰਗਰਾਊਂਡ ਕੇਬਲ ਪਾਉਣ ਅਤੇ ਬਿਜਲੀ ਵਿਭਾਗ ਅਤੇ ਨਿਗਮ ਦੇ ਖੰਭਿਆਂ 'ਤੇ ਤਾਰਾਂ ਪਾਉਣ ਕਾਰਨ ਕਰ ਦਾ ਨੁਕਸਾਨ ਹੋਣ ਦਾ ਮੁੱਦਾ ਵੀ ਚੁੱਕਿਆ ਹੋਇਆ ਹੈ, ਜਿਸ ਦੇ ਤਹਿਤ ਤਾਰਾਂ ਪਾਉਣ ਦੀ ਮਨਜ਼ੂਰੀ ਦੇਣ ਦੀ ਡਿਟੇਲ ਤਿਆਰ ਹੋ ਰਹੀ ਹੈ ਅਤੇ ਹੁਣ ਡੋਰ-ਟੂ-ਡੋਰ ਸਰਵੇਖਣ ਦੌਰਾਨ ਖੰਭਿਆਂ 'ਤੇ ਪਾਈਆਂ ਤਾਰਾਂ ਦਾ ਖਾਕਾ ਵੀ ਤਿਆਰ ਹੋਵੇਗਾ, ਜਿਸ ਦੇ ਮੁਤਾਬਕ ਬਣਦੇ ਟੈਕਸ ਅਤੇ ਜ਼ੁਰਮਾਨੇ ਵੀ ਵਸੂਲੀ ਲਈ ਕੰਪਨੀ ਨੂੰ ਨੋਟਿਸ ਭੇਜਿਆ ਜਾਵੇਗਾ।


Related News