ਨਵਜੋਤ ਸਿੱਧੂ ਖਿਲਾਫ਼ ਹੁਣ ਸਾਥੀ ਮੰਤਰੀਆਂ ਦੇ ਤੇਵਰ ਵੀ ਪਏ ਨਰਮ

06/11/2019 9:21:10 PM

ਚੰਡੀਗੜ੍ਹ(ਭੁੱਲਰ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ਼ ਹੁਣ ਸਾਥੀ ਮੰਤਰੀਆਂ ਦੇ ਤੇਵਰ ਵੀ ਨਰਮ ਪੈ ਗਏ ਹਨ। ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਨਾਲ ਸਿੱਧੂ ਦੇ ਬਠਿੰਡਾ 'ਚ ਦਿੱਤੇ ਬਿਆਨ ਕਾਰਨ ਪੈਦਾ ਹੋਏ ਟਕਰਾਅ ਤੋਂ ਬਾਅਦ ਕਈ ਸੀਨੀਅਰ ਮੰਤਰੀਆਂ ਨੇ ਵੀ ਤਿੱਖਾ ਰੁਖ ਅਪਣਾਇਆ ਸੀ। ਮੁੱਖ ਮੰਤਰੀ ਵਲੋਂ ਦਿੱਤੇ ਬਿਆਨ ਦਾ ਸਮਰਥਨ ਕਰਦਿਆਂ ਕਈ ਮੰਤਰੀਆਂ ਨੇ ਤਾਂ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਤੱਕ ਦੀ ਮੰਗ ਉਠਾਈ ਸੀ ਪਰ ਹੁਣ ਬੀਤੇ ਦਿਨੀਂ ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਤੋਂ ਬਾਅਦ ਇਕਦਮ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਕੈਪਟਨ ਸਰਕਾਰ ਦੇ ਮੰਤਰੀਆਂ ਦੇ ਰੁਖ 'ਚ ਤਬਦੀਲੀ ਆਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲਏ ਜਾਣ ਤੋਂ ਨਾਰਾਜ਼ ਹੋ ਕੇ ਸਿੱਧੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਗਏ ਸਨ।

ਰਾਹੁਲ ਗਾਂਧੀ ਨਾਲ ਸਿੱਧੂ ਦੀ ਮੀਟਿੰਗ ਤੋਂ ਬਾਅਦ ਹੁਣ ਕੋਈ ਵੀ ਮੰਤਰੀ ਸਿੱਧੂ ਖਿਲਾਫ਼ ਟਿੱਪਣੀ ਕਰਨ ਨੂੰ ਤਿਆਰ ਨਹੀਂ। ਜੋ ਕੁੱਝ ਦਿਨ ਪਹਿਲਾਂ ਤੱਕ ਉਨ੍ਹਾਂ ਖਿਲਾਫ਼ ਪਾਰਟੀ ਹਾਈਕਮਾਨ ਤੋਂ ਸਖ਼ਤ ਕਾਰਵਾਈ ਦੀ ਮੰਗ ਚੁੱਕ ਰਹੇ ਸਨ, ਹੁਣ ਇਨ੍ਹਾਂ 'ਚੋਂ ਕਈ ਮੰਤਰੀ ਸਿੱਧੂ ਨੂੰ ਨਵੇਂ ਵਿਭਾਗ ਦਾ ਕੰਮ ਸੰਭਾਲਣ ਦੀਆਂ ਸਲਾਹਾਂ ਵੀ ਦੇਣ ਲੱਗੇ ਹਨ।

ਇਨ੍ਹਾਂ ਦੇ ਬਦਲੇ ਸੁਰ
'ਸਿੱਧੂ ਨੂੰ ਨਵੇਂ ਮਹਿਕਮੇ ਦਾ ਕੰਮ ਸੰਭਾਲ ਲੈਣਾ ਚਾਹੀਦਾ ਹੈ। ਮੰਤਰੀਆ ਦੇ ਮਹਿਕਮੇ ਬਦਲਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ 'ਚ ਹੁੰਦਾ ਹੈ ਅਤੇ ਉਨ੍ਹਾਂ ਦੀ ਮਰਜ਼ੀ ਹੈ ਕਿ ਕਿਹੜੇ ਮੰਤਰੀ ਤੋਂ ਕਿਥੇ ਕੰਮ ਲੈਣਾ ਹੈ।–ਸਾਧੂ ਸਿੰਘ ਧਰਮਸੌਤ, ਕੈਬਨਿਟ ਮੰਤਰੀ।

'ਸਿੱਧੂ ਵਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ 'ਤੇ ਕੋਈ ਰੋਕ ਨਹੀਂ ਲੱਗੇਗੀ ਤੇ ਇਹ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਅੱਜ ਨਰਮ ਰੁਖ ਅਖ਼ਤਿਆਰ ਕਰਦਿਆਂ ਸਿੱਧੂ ਖਿਲਾਫ਼ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ। –ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਲੋਕਲ ਬਾਡੀਜ਼ ਵਿਭਾਗ।

'ਸਿੱਧੂ ਮੇਰਾ ਵੱਡਾ ਭਰਾ ਹੈ ਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦਾ ਕੰਮ ਸੰਭਾਲ ਲੈਣਾ ਚਾਹੀਦਾ ਹੈ। ਇਹ ਮਹਿਕਮਾ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹੈ। ਲੋਕਲ ਬਾਡੀਜ਼ ਤਾਂ ਸਿਰਫ਼ ਸ਼ਹਿਰਾਂ ਦਾ ਕੰਮ ਸੀ, ਜਦਕਿ ਬਿਜਲੀ ਵਿਭਾਗ ਨਾਲ ਤਾਂ ਪੇਂਡੂ ਖੇਤਰ ਵੀ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ।–ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ।


Baljit Singh

Content Editor

Related News