ਦਿੱਲੀ ਦਰਬਾਰ ਪੁੱਜੀ ਨਵਜੋਤ ਸਿੱਧੂ ਦੀ ਸ਼ਿਕਾਇਤ, ਰੰਧਾਵਾ ਸਮੇਤ ਚਾਰ ਮੰਤਰੀਆਂ ਨੇ ਖੋਲ੍ਹਿਆ ਮੋਰਚਾ

Wednesday, Jan 05, 2022 - 06:29 PM (IST)

ਦਿੱਲੀ ਦਰਬਾਰ ਪੁੱਜੀ ਨਵਜੋਤ ਸਿੱਧੂ ਦੀ ਸ਼ਿਕਾਇਤ, ਰੰਧਾਵਾ ਸਮੇਤ ਚਾਰ ਮੰਤਰੀਆਂ ਨੇ ਖੋਲ੍ਹਿਆ ਮੋਰਚਾ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੰਤਰੀਆਂ ਦੀ ਕਾਰਜਪ੍ਰਣਾਲੀ ’ਤੇ ਵਾਰ-ਵਾਰ ਸਵਾਲ ਉਠਾ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੰਤਰੀਆਂ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਮੰਗਲਵਾਰ ਨੂੰ ਪੰਜਾਬ ਦੇ ਚਾਰ ਕੈਬਨਿਟ ਮੰਤਰੀ ਦਿੱਲੀ ਦਰਬਾਰ ਪੁੱਜੇ, ਜਿੱਥੇ ਉਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਮੰਤਰੀ ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਮੌਜੂਦ ਰਹੇ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬੇਵਜ੍ਹਾ ਦੀ ਬਿਆਨਬਾਜ਼ੀ ਨੂੰ ਪਾਰਟੀ ਲਈ ਘਾਤਕ ਕਰਾਰ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ

ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸਿੱਧੂ ਵਲੋਂ ਸਰਕਾਰ ਵਿਰੋਧੀ ਬਿਆਨਾਂ ਦਾ ਜ਼ਿਕਰ ਕੀਤਾ। ਬੇਸ਼ੱਕ ਮੰਤਰੀ ਪਰਗਟ ਸਿੰਘ ਅਤੇ ਰਾਜਾ ਵੜਿੰਗ ਜ਼ਿਆਦਾ ਸਮਾਂ ਚੁੱਪ ਰਹੇ ਪਰ ਰੰਧਾਵਾ ਅਤੇ ਆਸ਼ੂ ਨੇ ਸਪੱਸ਼ਟ ਕੀਤਾ ਕਿ ਸਿੱਧੂ ਪੰਜਾਬ ’ਚ ਵਨ ਮੈਨ ਸ਼ੋਅ ਦੀ ਤਰ੍ਹਾਂ ਵਰਤਾਓ ਕਰ ਰਹੇ ਹਨ। ਇਸ ਨਾਲ ਪਾਰਟੀ ਦੇ ਨੇਤਾਵਾਂ ਅਤੇ ਕਰਮਚਾਰੀਆਂ ਤਕ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ। ਜੇਕਰ ਸਿੱਧੂ ਨੂੰ ਕੋਈ ਗੱਲ ਕਰਨੀ ਹੈ ਤਾਂ ਉਹ ਪਾਰਟੀ ਪਲੇਟਫਾਰਮ ’ਤੇ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਪਰਿਵਾਰ ’ਤੇ ਟੁੱਟਾ ਵੱਡਾ ਕਹਿਰ, ਘਰ ’ਚੋਂ ਮਿਲੀਆਂ ਚਾਰ ਜੀਆਂ ਦੀਆਂ ਲਾਸ਼ਾਂ

ਰੰਧਾਵਾ ਅਤੇ ਆਸ਼ੂ ਪਿਛਲੇ ਦਿਨੀਂ ਸਿੱਧੂ ਖ਼ਿਲਾਫ਼ ਜਨਤਕ ਤੌਰ ’ਤੇ ਸਿੱਧਾ ਹਮਲਾ ਬੋਲ ਚੁੱਕੇ ਹਨ। ਰੰਧਾਵਾ ਤਾਂ ਇੱਥੋਂ ਤਕ ਕਹਿ ਚੁੱਕੇ ਹਨ ਕਿ ਜਦੋਂ ਤੋਂ ਉਹ ਗ੍ਰਹਿ ਮੰਤਰੀ ਬਣੇ ਹਨ, ਉਦੋਂ ਤੋਂ ਸਿੱਧੂ ਨਾਰਾਜ਼ ਹਨ। ਜੇਕਰ ਸਿੱਧੂ ਗ੍ਰਹਿ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦੇਣਗੇ। ਉਥੇ ਹੀ, ਆਸ਼ੂ ਨੇ ਕਿਹਾ ਸੀ ਕਿ ਸਿੱਧੂ ਨੂੰ ਕਾਂਗਰਸ ਦਾ ਸੱਭਿਆਚਾਰ ਸਿੱਖਣਾ ਚਾਹੀਦਾ ਹੈ। ਉਧਰ, ਵੇਣੂਗੋਪਾਲ ਨੇ ਮੰਤਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਛੇਤੀ ਹੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸ ’ਚ ਆਏ ਸਿੱਧੂ ਮੂਸੇਵਾਲਾ ਨੇ ਵਿਖਾਏ ਬਾਗੀ ਤੇਵਰ, ਦਿੱਤੀ ਇਹ ਚਿਤਾਵਨੀ!'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News