ਇਕ ਵਾਰ ਫਿਰ ਬਾਦਲਾਂ ''ਤੇ ਖੁੱਲ੍ਹ ਕੇ ਵਰ੍ਹੀ ਨਵਜੋਤ ਕੌਰ, ਇਸ ਚੇਤਾਵਨੀ ਨੇ ਉਡਾਏ ਸਭ ਦੇ ਹੋਸ਼

08/04/2015 11:56:12 AM

ਪਟਿਆਲਾ (ਪਰਮੀਤ, ਗੁਪਤਾ) : ਪੰਜਾਬ ਦੀ ਰਾਜਨੀਤੀ ਵਿਚ ਨਵਾਂ ਧਮਾਕਾ ਕਰਦਿਆਂ ਮੁੱਖ ਪਾਰਲੀਮਾਨੀ ਸਕੱਤਰ ਅਤੇ ਭਾਜਪਾ ਆਗੂ ਡਾ. ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ-ਭਾਜਪਾ ਗਠਜੋੜ ਕਾਇਮ ਰਿਹਾ ਤਾਂ ਉਹ ਪਾਰਟੀ ਛੱਡ ਦੇਣਗੇ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਵਿਚ ਇਸ ਵੇਲੇ ਅਕਾਲੀ ਦਲ ਪ੍ਰਤੀ ਪੂਰਾ ਰੋਸ ਹੈ ਕਿਉਂਕਿ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ।
ਥਾਣਿਆਂ ਵਿਚ ਉਨ੍ਹਾਂ ਨੂੰ ਚਾਰ-ਚਾਰ ਘੰਟੇ ਖੜਾ ਰੱਖਿਆ ਜਾਂਦਾ ਹੈ ਤੇ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਅਕਾਲੀ ਦਲ ਨਾਲ ਗਠਜੋੜ ਹੁਣ ਭਵਿੱਖ ਵਿਚ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀਆਂ ਦਾ ਸਮਝੌਤਾ ਕੇਂਦਰੀ ਲੀਡਰਸ਼ਿਪ ਨਾਲ ਹੈ ਜਦਕਿ ਪੰਜਾਬ ਵਿਚ ਭਾਜਪਾ ਵਰਕਰਾਂ ਵਿਚ ਅਕਾਲੀ ਦਲ ਖਿਲਾਫ ਗੁੱਸੇ ਦੀ ਲਹਿਰ ਹੈ। ਬੀਬੀ ਸਿੱਧੂ ਨੇ ਕਿਹਾ ਕਿ ਅਸਲ ''ਚ ਭਾਜਪਾ ਛੋਟੀ ਭਾਈਵਾਲ ਸੀ ਜਿਸ ਕਾਰਨ ਵਰਕਰਾਂ ਦੀ ਆਵਾਜ਼ ਕੇਂਦਰੀ ਲੀਡਰਸ਼ਪ ਤੱਕ ਪਹੁੰਚ ਹੀ ਨਹੀਂ ਸਕੀ, ਬੇਸ਼ੱਕ ਵੱਡੇ ਲੀਡਰ ਗਠਜੋੜ ਦੇ ਹੱਕ ਵਿਚ ਹੋਣ ਪਰ ਆਮ ਸਾਧਾਰਣ ਵਰਕਰ ਨਹੀਂ ਚਾਹੁੰਦਾ ਕਿ ਗਠਜੋੜ ਹੋਵੇ।
ਬੀਬੀ ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਦੇ ਬਹੁ-ਗਿਣਤੀ ਲੀਡਰ ਸਾਫ ਸੁਥਰੇ ਅਕਸ ਵਾਲੇ ਹਨ ਜੋ ਚੰਗੀ ਸੋਚ ਦੇ ਧਾਰਨੀ ਹਨ ਜਿਹੜੇ ਸਿਰਫ ਇਨਸਾਫ ਮੰਗਦੇ ਹਨ। ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਤਿੱਕੜੀ ਚਲਾ ਰਹੀ ਹੈ ਤੇ ਇਨ੍ਹਾਂ ਦੇ ਇਸ਼ਾਰੇ ''ਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿਚ ਢੁਕਵੇਂ ਪੱਧਰ ''ਤੇ ਆਪਣੇ ਫੈਸਲੇ ਨੂੰ ਦੱਸ ਚੁੱਕੇ ਹਨ ਕਿ ਉਹ ਭਾਜਪਾ ਦੇ ਉਮੀਦਵਾਰ ਵਜੋਂ ਤਾਂ ਚੋਣ ਲੜਨ ਨੂੰ ਤਿਆਰ ਹਨ ਪਰ ਗਠਜੋੜ ਦੇ ਉਮੀਦਵਾਰ ਵਜੋਂ ਨਹੀਂ।
ਸੁਖਬੀਰ ਬਾਦਲ ''ਤੇ ਵਰਦਿਆਂ ਬੀਬੀ ਸਿੱਧੂ ਨੇ ਕਿਹਾ ਕਿ ਮੇਰੇ ਹਲਕੇ ਦੀ ਰੈਲੀ ''ਚ ਸੁਖਬੀਰ ਨੇ ਐਲਾਨ ਕੀਤਾ ਸੀ ਕਿ ਉਹ ਮੇਰੇ ਭਰਾ ਹਨ ਤੇ ਮੇਰੇ ਹਲਕੇ ਲਈ 100 ਕਰੋੜ ਰੁਪਏ ਦੇਣਗੇ ਕਿਉਂਕਿ ਉਨ੍ਹਾਂ ਦੇ ਹਲਕੇ ਵਿਕਾਸ ਨਹੀਂ ਹੋਇਆ ਪਰ ਅੱਜ ਤੱਕ ਹਲਕੇ ਲਈ ਸਾਨੂੰ ਕੁਝ ਨਹੀਂ ਮਿਲਿਆ। 


Gurminder Singh

Content Editor

Related News