ਸੜਕ ਹਾਦਸੇ ਨੂੰ ਪੁਲਸ ਨੇ ਦੱਸਿਆ ਕੁਦਰਤੀ, ਮੌਤ ਬਣਾਉਣ ਵਾਲਿਆਂ ਖਿਲਾਫ਼ ਅਦਾਲਤੀ ਕਾਰਵਾਈ ਸ਼ੁਰੂ

Thursday, Aug 31, 2017 - 04:01 PM (IST)

ਸੜਕ ਹਾਦਸੇ ਨੂੰ ਪੁਲਸ ਨੇ ਦੱਸਿਆ ਕੁਦਰਤੀ, ਮੌਤ ਬਣਾਉਣ ਵਾਲਿਆਂ ਖਿਲਾਫ਼ ਅਦਾਲਤੀ ਕਾਰਵਾਈ ਸ਼ੁਰੂ


ਫਰੀਦਕੋਟ(ਹਾਲੀ) - ਪਿੰਡ ਜਿਉਣਵਾਲਾ ਦੇ ਇਕ 60 ਸਾਲਾ ਬਜ਼ੁਰਗ ਵਿਅਕਤੀ ਨੇ ਇਥੋਂ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ ਲਾਇਆ ਕਿ ਬਾਜਾਖਾਨਾ ਥਾਣੇ ਦੇ ਤਤਕਾਲੀ ਐੱਸ. ਐੱਚ. ਓ. ਤੇ ਤਫਤੀਸ਼ੀ ਨੇ ਕਥਿਤ ਤੌਰ 'ਤੇ ਪਿੰਡ ਭਲੂਰ ਦੇ ਕੁਝ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਪੰਜਗਰਾਈਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਨੂੰ ਕੁਦਰਤੀ ਹਾਦਸੇ ਦਾ ਨਾਂ ਦੇ ਕੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਬਲਵਿੰਦਰ ਸਿੰਘ ਵਾਸੀ ਜੀਵਨਵਾਲਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਬਾਜਾਖਾਨਾ ਦੇ ਐੱਸ. ਐੱਚ. ਓ. ਅਤੇ ਤਫਤੀਸ਼ੀ ਅਫ਼ਸਰ ਨੇ ਕਥਿਤ ਤੌਰ 'ਤੇ ਪਿੰਡ ਭਲੂਰ ਦੇ ਦੋ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ, ਬਲਕਿ ਉਸ ਨੂੰ ਸ਼ਿਕਾਇਤ ਵਾਪਸ ਲੈਣ ਲਈ ਡਰਾਇਆ- ਧਮਕਾਇਆ ਗਿਆ ਅਤੇ ਉਸ ਨੂੰ ਜਾਤੀ ਸੂਚਕ ਗਾਲ੍ਹਾਂ ਵੀ ਕੱਢੀਆਂ। 
ਸੂਚਨਾ ਅਨੁਸਾਰ 25 ਜਨਵਰੀ 2017 ਨੂੰ ਸ਼ਿਕਾਇਤਕਰਤਾ ਦਾ ਪੁੱਤਰ ਕੁਲਦੀਪ ਸਿੰਘ ਜੋ ਦੁੱਬਈ ਤੋਂ ਵਾਪਸ ਆਇਆ ਸੀ, ਆਪਣੀ ਸੱਸ ਚਰਨਜੀਤ ਕੌਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੰਜਗਰਾਈਂ ਤੋਂ ਪਿੰਡ ਜੀਵਨਵਾਲਾ ਜਾ ਰਿਹਾ ਸੀ। ਬਲਵਿੰਦਰ ਸਿੰਘ ਦੀ ਸ਼ਿਕਾਇਤ ਅਨੁਸਾਰ ਪਿੰਡ ਭਲੂਰ ਨਿਵਾਸੀਆਂ ਦੋ ਵਿਅਕਤੀਆਂ ਨੇ ਆਪਣਾ ਤੇਜ਼ ਰਫ਼ਤਾਰ ਮੋਟਰਸਾਈਕਲ ਲਿਆ ਕੇ ਕੁਲਦੀਪ ਸਿੰਘ ਵਿਚ ਮਾਰਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖਮੀ ਹੋਈ ਚਰਨਜੀਤ ਕੌਰ ਦੀ ਕੁਝ ਦਿਨਾਂ ਬਾਅਦ ਮੌਤ ਹੋ ਗਈ।  ਜੁਡੀਸ਼ੀਅਲ ਮੈਜਿਸਟ੍ਰੇਟ ਸ਼ਵੇਤਾ ਦਾਸ ਨੇ ਉਸ ਦੀ ਸ਼ਿਕਾਇਤ ਨੂੰ ਸੁਣਵਾਈ ਲਈ ਮਨਜ਼ੂਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 11 ਸਤੰਬਰ ਨੂੰ ਰੱਖੀ ਹੈ।


Related News