ਭਾਰਤੀ ਓਲੰਪਿਕ ਸੰਘ ਨੇ ਖਿਡਾਰੀਆਂ ਨੂੰ ਕੀਤੀ ਅਪੀਲ, ਕਿਹਾ 'ਇਨਾਮ ਅਤੇ ਕਿਸਾਨਾਂ ਦਾ ਮਸਲਾ 2 ਵੱਖ ਚੀਜ਼ਾਂ ਹਨ'
Tuesday, Dec 08, 2020 - 12:55 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਾ ਸਮਰਥਨ ਕਰਣ ਵਾਲੇ ਖਿਡਾਰੀਆਂ ਨੂੰ ਸਰਕਾਰ 'ਤੇ ਭਰੋਸਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਰਾਸ਼ਟਰੀ ਸਨਮਾਨਾਂ ਅਤੇ ਕਿਸਾਨਾਂ ਦੇ ਵਿਰੋਧ ਨੂੰ 2 ਵੱਖ-ਵੱਖ ਚੀਜ਼ਾਂ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ। ਕਿਸਾਨਾਂ ਪ੍ਰਤੀ ਆਪਣੀ ਇਕਜੁੱਟਤਾ ਦਿਖਾਉਂਦੇ ਹੋਏ ਖੇਡ ਰਤਨ ਐਵਾਰਡ ਜੇਤੂ ਵਿਜੇਂਦਰ ਸਿੰਘ ਸਮੇਤ ਪੰਜਾਬ ਅਤੇ ਹਰਿਆਣੇ ਦੇ ਕੁੱਝ ਖਿਡਾਰੀਆਂ ਨੇ ਆਪਣੇ ਰਾਸ਼ਟਰੀ ਖੇਡ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: WHO ਦੀ ਲੋਕਾਂ ਨੂੰ ਸਲਾਹ, ਕੋਰੋਨਾ ਤੋਂ ਬਚਣਾ ਹੈ ਤਾਂ 'ਗਲੇ ਮਿਲਣ' ਤੋਂ ਕਰੋ ਪਰਹੇਜ਼
ਆਈ.ਓ.ਏ. ਪ੍ਰਧਾਨ ਨਰਿੰਦਰ ਬੱਤਰਾ ਅਤੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸੰਯੁਕਤ ਬਿਆਨ ਵਿਚ ਕਿਹਾ, 'ਹਾਲ ਹੀ ਵਿਚ ਖਿਡਾਰੀਆਂ ਨੂੰ ਮੌਜੂਦਾ ਕਿਸਾਨ ਮਸਲੇ ਦੇ ਸਮਰਥਨ ਵਿਚ ਆਪਣੇ ਰਾਸ਼ਟਰੀ ਐਵਾਰਡਾਂ ਨੂੰ ਵਾਪਸ ਕਰਨ ਦੀ ਘੋਸ਼ਣਾ ਕਰਦੇ ਹੋਏ ਵੇਖਿਆ ਗਿਆ। ਰਾਸ਼ਟਰੀ ਐਵਾਰਡ ਅਤੇ ਕਿਸਾਨਾਂ ਦਾ ਮਸਲਾ 2 ਵੱਖ-ਵੱਖ ਚੀਜ਼ਾਂ ਹਨ।' ਉਨ੍ਹਾਂ ਕਿਹਾ, 'ਹਰ ਇਕ ਭਾਰਤੀ ਜਿਨ੍ਹਾਂ ਵਿਚ ਅਸੀ ਵੀ ਸ਼ਾਮਲ ਹਾਂ, ਕਿਸਾਨਾਂ ਨਾਲ ਪਿਆਰ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਅਤੇ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਡਾ ਕਿਸਾਨ ਭਾਈਚਾਰਾ ਖ਼ੁਸ਼ ਰਹੇ, ਕਿਉਂਕਿ ਉਹ ਸਾਡੇ ਦੇਸ਼ ਦੇ ਅੰਨਦਾਤਾ ਹਨ।'
ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ
ਆਈ.ਓ.ਏ. ਅਧਿਕਾਰੀਆਂ ਨੇ ਇਸ ਮਸਲੇ ਦਾ ਜਲਦ ਹੱਲ ਕੱਢਣ ਦੀ ਉਮੀਦ ਜਤਾਈ ਅਤੇ ਖਿਡਾਰੀਆਂ ਨੂੰ ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇ ਗੱਲਬਾਤ ਦੇ ਨਤੀਜੇ ਦਾ ਇੰਤਜ਼ਾਰ ਕਰਣ ਦੀ ਅਪੀਲ ਕੀਤੀ। ਅਗਲੇ ਦੌਰ ਦੀ ਗੱਲਬਾਤ ਮੰਗਲਵਾਰ ਯਾਨੀ ਅੱਜ ਹੋਣੀ ਹੈ। ਉਨ੍ਹਾਂ ਕਿਹਾ, 'ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇਗੱਲਬਾਤ ਚੱਲ ਰਹੀ ਹੈ ਅਤੇ ਸਾਨੂੰ ਜਲਦ ਹੀ ਇਸ ਮਾਮਲੇ ਦੇ ਹੱਲ ਦੀ ਉਮੀਦ ਹੈ। ਅਜਿਹੇ ਸਮੇਂ ਵਿਚ ਸਾਨੂੰ ਆਪਣੀ ਸਰਕਾਰ ਅਤੇ ਗੱਲਬਾਤ ਵਿਚ ਹਿੱਸਾ ਲੈ ਰਹੇ ਕਿਸਾਨ ਨੇਤਾਵਾਂ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਏਸ਼ੀਆਈ ਖੇਡਾਂ ਦੇ 2 ਵਾਰ ਦੇ ਗੋਲਡ ਮੈਡਲ ਜੇਤੂ ਸਾਬਕਾ ਪਹਿਲਵਾਨ ਕਰਤਾਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਕੁੱਝ ਖਿਡਾਰੀਆਂ ਨੇ ਕਿਸਾਨਾਂ ਦੇ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ '35 ਰਾਸ਼ਟਰੀ ਖੇਡ ਐਵਾਰਡ' ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ ਪਰ ਪੁਲਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ।
ਇਹ ਵੀ ਪੜ੍ਹੋ: ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਰੋਕਿਆ
ਮਾਰਚ ਕਰਣ ਵਾਲੇ ਖਿਡਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਅਰਜੁਨ ਐਵਾਰਡ ਅਤੇ ਹੋਰ ਰਾਸ਼ਟਰੀ ਖੇਡ ਐਵਾਰਡ ਜੇਤੂਆਂ ਦਾ ਸਮਰਥਨ ਹਾਸਲ ਹੈ। ਇਸ ਤੋਂ ਪਹਿਲਾਂ ਖੇਡ ਰਤਨ ਐਵਾਰਡ ਜੇਤੂ ਅਤੇ ਮੁੱਕੇਬਾਜੀ ਵਿਚ ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਆਪਣਾ ਐਵਾਰਡ ਵਾਪਸ ਕਰਨ ਦੀ ਧਮਕੀ ਦਿੱਤੀ ਸੀ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ 13 ਦਿਨਾਂ ਤੋਂ ਡਟੇ ਹੋਏ ਹਨ।
ਇਹ ਵੀ ਪੜ੍ਹੋ: ਭਾਰਤ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਅਮਰੀਕਾ ਦੇ ਕਈ ਸੰਸਦ ਮੈਂਬਰ
ਨੋਟ : ਭਾਰਤੀ ਓਲੰਪਿਕ ਸੰਘ ਵੱਲੋਂ ਐਵਾਰਡ ਵਾਪਸ ਕਰ ਰਹੇ ਖਿਡਾਰੀ ਨੂੰ ਸਰਕਾਰ 'ਤੇ ਭਰੋਸਾ ਬਣਾਈ ਰੱਖਣ ਦੀ ਕੀਤੀ ਅਪੀਲ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।