G-20 ’ਚ ਆਰਥਿਕ ਅਸੰਤੁਲਨ ਨੂੰ ਸੰਤੁਲਿਤ ਕਰਨ ਦੀਆਂ ਕੋਸ਼ਿਸ਼ਾਂ ’ਤੇ ਹੋਵੇਗਾ ਮੰਥਨ : ਨਰਿੰਦਰ ਤੋਮਰ

Tuesday, Jan 31, 2023 - 09:52 AM (IST)

G-20 ’ਚ ਆਰਥਿਕ ਅਸੰਤੁਲਨ ਨੂੰ ਸੰਤੁਲਿਤ ਕਰਨ ਦੀਆਂ ਕੋਸ਼ਿਸ਼ਾਂ ’ਤੇ ਹੋਵੇਗਾ ਮੰਥਨ : ਨਰਿੰਦਰ ਤੋਮਰ

ਚੰਡੀਗੜ੍ਹ (ਰਮਨਜੀਤ ਸਿੰਘ) : ਵਿਕਸਿਤ, ਵਿਕਾਸਸ਼ੀਲ ਅਤੇ ਵਿਕਾਸ 'ਚ ਪਛੜੇ ਹੋਏ ਦੇਸ਼ਾਂ 'ਚ ਵੱਧ ਰਹੇ ਆਰਥਿਕ ਅਸੰਤੁਲਨ ਨੂੰ ਸੰਤੁਲਿਤ ਕਰਨ ਵੱਲ ਕੀਤੇ ਜਾਣ ਵਾਲੇ ਯਤਨਾਂ ’ਤੇ ਜੀ-20 ਸੰਮੇਲਨ ਦੇ ਮਹੱਤਵਪੂਰਨ ਮੰਚ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਸਾਲ ਭਰ ਚੱਲਣ ਵਾਲੀਆਂ ਚਰਚਾਵਾਂ ਤੋਂ ਬਾਅਦ ਜੋ ਸਿੱਟੇ ਨਿਕਲਣਗੇ, ਉਨ੍ਹਾਂ ਨੂੰ ਵੱਖ-ਵੱਖ ਦੇਸ਼ ਪਾਲਿਸੀਆਂ ਦੇ ਰੂਪ 'ਚ ਲਾਗੂ ਕਰਨਗੇ ਤਾਂ ਕਿ ਕਮਜ਼ੋਰ ਲੋਕਾਂ ਅਤੇ ਦੇਸ਼ਾਂ ਨੂੰ ਬਾਕੀਆਂ ਦੇ ਮੁਕਾਬਲੇ ’ਤੇ ਲਿਆਂਦਾ ਜਾ ਸਕੇ। ਇਹ ਜਾਣਕਾਰੀ ਭਾਰਤ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਜੀ-20 ਦੇ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜਸਮੂਹ ਦੀਆਂ ਬੈਠਕਾਂ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਖੇਤੀਬਾੜੀ ਸਬਸਿਡੀ ਦੇ ਰੂਪ 'ਚ ਖੇਤੀਬਾੜੀ ਉਤਪਾਦਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਸੁਰੱਖਿਅਤ ਰੱਖਣ ਦੇ ਭਾਰਤ ਦੇ ਹਿੱਤ ਨੂੰ ਜੀ-20 ਬੈਠਕ 'ਚ ਰਾਖਵਾਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ

ਕੇਂਦਰੀ ਖੇਤੀ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਖੇਤੀਬਾੜੀ ਉਤਪਾਦਨ ਲਈ ਸਮਰਥਨ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਸਾਰਿਆਂ ਨੂੰ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੁਪਤੀ ਕੁਮਾਰ ਪਾਰਸ ਦੀ ਹਾਜ਼ਰੀ 'ਚ ਮੰਤਰੀ ਤੋਮਰ ਨੇ ਸੰਸਾਰਿਕ ਪੱਧਰ ’ਤੇ ਖੇਤੀਬਾੜੀ ’ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਦੀ ਪ੍ਰਧਾਨਗੀ 'ਚ ਜੀ-20 ਦੇ ਸਾਲ ਭਰ ਦੇ ਸਲਾਹ-ਮਸ਼ਵਰੇ 'ਚ ਯਕੀਨੀ ਤੌਰ 'ਤੇ ਜਲਵਾਯੂ ਤਬਦੀਲੀ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਹੋਵੇਗੀ।

ਇਹ ਵੀ ਪੜ੍ਹੋ : ਹੁਣ ਘਰ ਬੈਠੇ ਕਰਵਾ ਸਕੋਗੇ 'ਮੈਂਟਲ ਡਿਸਆਰਡਰ' ਦਾ ਇਲਾਜ, ਇਸ ਹਸਪਤਾਲ 'ਚ ਸ਼ੁਰੂ ਕੀਤੀ ਗਈ ਸਹੂਲਤ

ਤੋਮਰ ਨੇ ਕਿਹਾ ਕਿ ਇਹ ਇਕ ਸੰਸਾਰਿਕ ਚੁਣੌਤੀ ਹੈ ਅਤੇ ਜੀ-20 ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ’ਤੇ ਸਲਾਹ-ਮਸ਼ਵਰਾ ਕਰਨ ਲਈ ਇਕ ਮਹੱਤਵਪੂਰਣ ਅਤੇ ਲਾਭਦਾਇਕ ਮੰਚ ਬਣਨ ਜਾ ਰਿਹਾ ਹੈ। ਤੋਮਰ ਨੇ ਕਿਹਾ ਕਿ ਮੈਂਬਰ ਦੇਸ਼ਾਂ ਦੇ ਦੋ ਲੱਖ ਤੋਂ ਜ਼ਿਆਦਾ ਪ੍ਰਤੀਨਿਧੀ ਜੀ-20 ਦੇਸ਼ਾਂ ਦੀਆਂ ਵੱਖ-ਵੱਖ ਸਮੱਸਿਆਵਾਂ ’ਤੇ ਆਮ ਰਣਨੀਤੀ ਦਾ ਪਤਾ ਲਗਾਉਣ ਲਈ ਸਲਾਹ-ਮਸ਼ਵਰੇ 'ਚ ਹਿੱਸਾ ਲੈਣਗੇ। ਫੂਡ ਪ੍ਰੋਸੈਸਿੰਗ ਮੰਤਰੀ ਪਾਰਸ ਨੇ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਪੂਰੇ ਦੇਸ਼ ਲਈ ਮਾਣ ਵਾਲਾ ਪਲ ਹੈ। ਇਸ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਬਿਹਤਰੀਨ ਪ੍ਰਧਾਨ ਮੰਤਰੀਆਂ ਵਿਚੋਂ ਇਕ ਦਾ ਦਰਜਾ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News