ਮੋਦੀ ਉੱਪਰੋਂ ਮਾਰਨਗੇ ਝਾਤ ਜਾਂ ਸੁਣਨਗੇ ਹੜ੍ਹ ਪੀੜਤਾਂ ਦੀ ਬਾਤ
Tuesday, Sep 09, 2025 - 01:41 AM (IST)

ਲੁਧਿਆਣਾ (ਮੁੱਲਾਂਪੁਰੀ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਿਨਾਂ ਬਾਅਦ ਆਖਿਰ ਬੁਰੀ ਤਰ੍ਹਾਂ ਹੜ੍ਹਾਂ ਕਾਰਨ ਤਬਾਹ ਹੋ ਚੁੱਕੇ ਪੰਜਾਬ ਦੇ ਉਨ੍ਹਾਂ 9 ਜ਼ਿਲਿਆਂ ’ਚ ਤਬਾਹੀ ਦਾ ਮੰਜਰ ਝੱਲ ਰਹੇ ਪੀੜਤ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਪੰਜਾਬ ਦੌਰੇ ’ਤੇ ਆ ਰਹੇ ਹਨ।
ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸ਼੍ਰੀ ਮੋਦੀ ਜੋ ਇੰਨੀ ਦੇਰ ਬਾਅਦ ਖ਼ਬਰਸਾਰ ਲੈਣ ਆ ਰਹੇ ਹਨ ਕਿ ਉਹ ਧਰਤੀ ’ਤੇ ਉਤਰਨਗੇ ਜਾਂ ਉਨ੍ਹਾਂ ਜ਼ਿਲਿਆਂ ’ਚ ਹੋਈ ਤਬਾਹੀ ’ਤੇ ਆਸਮਾਨ ਤੋਂ ਹੀ ਝਾਤੀ ਮਾਰਨਗੇ, ਕਿਉਂਕਿ ਗੁਰਦਾਸਪੁਰ, ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ, ਅੰਮ੍ਰਿਤਸਰ ਆਦਿ ਜ਼ਿਲਿਆਂ ’ਚ ਹੋ ਰਹੀ ਤਬਾਹੀ ਹੇਠਾਂ ਉਤਰ ਕੇ ਹੀ ਦੇਖੀ ਜਾ ਸਕਦੀ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਭਾਵੇਂ ਪਰ ਏਕੜ 20 ਹਜ਼ਾਰ ਰੁਪਏ ਅਤੇ ਮਰਨ ਵਾਲੇ ਵਿਅਕਤੀ ਨੂੰ 4 ਲੱਖ ਰੁਪਏ ਅਤੇ ਜਿਸ ਦਾ ਖੇਤ ਉਸ ਦਾ ਰੇਤ ਦਾ ਐਲਾਨ ਕਰ ਦਿੱਤਾ ਹੈ ਪਰ ਨਾਲ ਹੀ 60 ਹਜ਼ਾਰ ਕਰੋੜ ਰੁਪਏ ਦੀ ਕੇਂਦਰ ਸਰਕਾਰ ਕੋਲ ਪਈ ਜੀ. ਐੱਸ. ਟੀ. ਦੇ ਬਕਾਏ ਦੀ ਗ੍ਰਾਂਟ ਦੀ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਮੰਗ ਕੀਤੀ ਸੀ।
ਹੁਣ ਪੰਜਾਬ ਦੇ ਹੜ੍ਹ ਪੀੜਤ ਪੰਜਾਬੀਆਂ ਦੇ ਜੋ ਹਾੜੇ ਕੱਢਣੇ ਦਿਖਾਈ ਦੇ ਰਹੇ ਹਨ, ਜਿਸ ਨੂੰ ਹਰ ਪਾਰਟੀ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਫਿਲਮੀ ਕਲਾਕਾਰਾਂ ਨੇ ਆਪਣੇ ਵਿੱਤ ਮੁਤਾਬਕ ਹਾਅ ਦਾ ਨਾਅਰਾ ਮਾਰਿਆ ਹੈ। ਹੁਣ ਨਜ਼ਰਾਂ ਸ਼੍ਰੀ ਮੋਦੀ ਦੇ ਦੌਰੇ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਅੱਜ ਐਲਾਨ ਕਰਦੇ ਹਨ ਜਾਂ ਫਿਰ ਜਿਹੜੀਆਂ ਆਸਾਂ ਪੀੜਤ ਲੋਕ ਲਗਾਈ ਬੈਠੇ ਹਨ, ਪਾਣੀ ਫੇਰਦੇ ਹਨ। ਲੋੜ ਹੈ ਅੱਜ ਹੀ ਐਲਾਨ ਕਰਨ ਦੀ ਨਾ ਕਿ ਦੇਰੀ ਕਰਨ ਦੀ।