ਸੰਗਤ ਕਲਾਂ ''ਚ ''ਸਵੱਛ ਭਾਰਤ ਮੁਹਿੰਮ'' ਦੀ ਨਿਕਲੀ ਫੂਕ

01/20/2018 4:07:45 AM

ਸੰਗਤ ਮੰਡੀ(ਮਨਜੀਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਾਫ਼-ਸੁਥਰਾ ਰੱਖਣ ਦੇ ਮਕਸਦ ਨਾਲ ਪੂਰੇ ਦੇਸ਼ 'ਚ 'ਸਵੱਛ ਭਾਰਤ ਮੁਹਿੰਮ' ਚਲਾਈ ਗਈ ਸੀ। ਸੰਗਤ ਕਲਾਂ 'ਚ ਲੋਕਾਂ ਵੱਲੋਂ ਸੜਕ ਦੇ ਨਾਲ-ਨਾਲ ਨਾਜਾਇਜ਼ ਕਬਜ਼ੇ ਕਰ ਕੇ ਲਾਈਆਂ ਰੂੜੀਆਂ ਇਸ ਮੁਹਿੰਮ ਦੀ ਫੂਕ ਕੱਢ ਰਹੀਆਂ ਹਨ। ਇਸ ਨਾਲ ਜਿੱਥੇ ਪਿੰਡ ਦੀ ਦਿੱਖ ਖ਼ਰਾਬ ਹੋ ਰਹੀ ਹੈ, ਉੱਥੇ ਅਧਿਕਾਰੀਆਂ ਵੱਲੋਂ ਰੂੜੀਆਂ ਚੁਕਵਾਉਣ ਦੀ ਥਾਂ ਮੀਟੀਆਂ ਅੱਖਾਂ ਵੀ ਸਾਫ ਦਿਸ ਰਹੀਆਂ ਹਨ। ਜਾਣਕਾਰੀ ਅਨੁਸਾਰ ਸੰਗਤ ਕਲਾਂ ਪਿੰਡ 'ਚ ਦਾਖਲ ਹੋਣ ਸਮੇਂ ਪਿੰਡ ਦੇ ਸ਼ਮਸ਼ਾਨਘਾਟ ਤੇ ਵਾਟਰ ਵਰਕਸ ਦੀ ਦੀਵਾਰ ਨਾਲ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਵੱਡੀਆਂ-ਵੱਡੀਆਂ ਰੂੜੀਆਂ ਲਾਈਆਂ ਹੋਈਆਂ ਹਨ। ਪਿੰਡ ਦੀ ਸਰਪੰਚ ਵੱਲੋਂ ਵੀ ਇਨ੍ਹਾਂ ਨੂੰ ਚੁਕਵਾਉਣ ਦੀ ਹਾਲੇ ਤੱਕ ਜ਼ਹਿਮਤ ਨਹੀਂ ਉਠਾਈ ਗਈ। ਰੂੜੀਆਂ ਚੁਕਵਾਉਣ ਲਈ ਕੋਈ ਫੰਡ ਦੀ ਲੋੜ ਨਹੀਂ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਲੋਕਾਂ ਵੱਲੋਂ ਆਪਣੇ ਪੱਕੇ ਅੱਡੇ ਲਾ ਕੇ ਹੀ ਪਿਛਲੇ ਲੰਮੇ ਸਮੇਂ ਤੋਂ ਰੂੜੀਆਂ ਲਾਈਆਂ ਹੋਈਆਂ ਹਨ।  ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀ ਸਰਪੰਚ ਵੱਲੋਂ ਵੋਟ ਬੈਂਕ ਖਾਤਰ ਹੀ ਰੂੜੀਆਂ ਨੁੰ ਨਹੀਂ ਚੁਕਵਾਇਆ ਜਾ ਰਿਹਾ। ਇਸ ਕਾਰਨ ਜਿੱਥੇ ਗੰਦਗੀ ਫੈਲ ਰਹੀ ਹੈ, ਉੱਥੇ ਕਿਸੇ ਸਮੇਂ ਵੀ ਬੀਮਾਰੀ ਨੂੰ ਦਾਅਵਤ ਮਿਲ ਸਕਦੀ ਹੈ। ਉਸ ਸਮੇਂ ਪਿੰਡ ਦੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪਿੰਡ 'ਚ ਕੋਈ ਮੌਤ ਹੋਣ ਤੇ ਬਾਹਰੋਂ ਮ੍ਰਿਤਕ ਦੇ ਸਸਕਾਰ 'ਤੇ ਆਉਣ ਵਾਲੇ ਲੋਕ ਸ਼ਮਸ਼ਾਨਘਾਟ ਦੇ ਮੁੱਖ ਗੇਟ ਦੇ ਨਾਲ ਲੱਗੀਆਂ ਰੂੜੀਆਂ ਦੀ ਚਰਚਾ ਕਰਦੇ ਹਨ। ਲੋਕਾਂ ਦੀ ਇਹ ਵੀ ਚੁੰਝ-ਚਰਚਾ ਹੈ ਕਿ ਸਰਕਾਰ ਵੱਲੋਂ ਅਜਿਹੀਆਂ ਮੁਹਿੰਮਾਂ ਦੇਸ਼ ਨੂੰ ਸਾਫ਼-ਸੁਥਰਾ ਰੱਖਣ ਦੇ ਮਕਸਦ ਨਾਲ ਚਲਾਈਆਂ ਜਾਂਦੀਆਂ ਹਨ ਪਰ ਹੇਠਲੇ ਪੱਧਰ ਦੇ ਕਰਮਚਾਰੀਆਂ ਵੱਲੋਂ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਵਾਉਣ ਦੀ ਥਾਂ ਝਾੜੂ ਚੁੱਕ ਕੇ ਫੋਟੋ ਖਿਚਵਾਉਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਕੀਮਾਂ 'ਤੇ ਸਰਕਾਰ ਵੱਲੋਂ ਆਉਣ ਵਾਲੀ ਕਰੋੜਾਂ ਦੀ ਗ੍ਰਾਂਟ ਦੇ ਘਪਲੇ ਕਰਨੇ ਵਾਲੇ ਕਰਮਚਾਰੀ ਸਫਾਈ ਮੁਹਿੰਮ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਦੇਸ਼, ਸ਼ਹਿਰ ਜਾਂ ਪਿੰਡ ਸਾਫ਼-ਸੁਥਰਾ ਰਹਿ ਸਕੇ। 
ਕੀ ਕਹਿੰਦੇ ਨੇ ਬਲਾਕ ਸੰਗਤ ਦੇ ਬੀ. ਡੀ. ਪੀ. ਓ. ਧਰਮਪਾਲ ਸ਼ਰਮਾ?
ਜਦ ਇਸ ਸਬੰਧੀ ਸੰਗਤ ਮੰਡੀ ਦੇ ਐਡੀਸ਼ਨਲ ਚਾਰਜ 'ਤੇ ਆਏ ਬੀ. ਡੀ. ਪੀ. ਓ. ਧਰਮਪਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਹਾਲੇ ਹੁਣੇ ਹੀ ਆਪਣਾ ਅਹੁਦਾ ਸੰਭਾਲਿਆ ਹੈ। ਜੇਕਰ ਲੋਕਾਂ ਨੇ ਸੜਕ ਦੇ ਨਾਲ ਨਾਜਾਇਜ਼ ਕਬਜ਼ੇ ਕਰ ਕੇ ਰੂੜੀਆਂ ਲਾਈਆਂ ਹਨ ਤਾਂ ਇਹ ਬਹੁਤ ਮਾੜੀ ਗੱਲ ਹੈ। ਮੌਕਾ ਦੇਖ ਕੇ ਰੂੜੀਆਂ ਨੂੰ ਜਲਦ ਹੀ ਚੁਕਵਾ ਦਿੱਤਾ ਜਾਵੇਗਾ।


Related News