ਸੋਸ਼ਲ ਮੀਡੀਆ ''ਤੇ ਲੋਕਪ੍ਰਿਅ ਹੋਈ ਬੱਚੀ ਦੀ ਵੀਡੀਓ
Tuesday, Dec 05, 2017 - 01:51 AM (IST)

ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਸਰਹੱਦੀ ਖੇਤਰ ਦੀ ਇਕ ਲੜਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਫੇਸਬੁੱਕ 'ਤੇ ਵੀਡੀਓ ਭੇਜ ਕੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਜਿਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋ, ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋ ਅਤੇ ਪਿਛਲੇ 70-71 ਸਾਲਾਂ ਤੋਂ ਨਜ਼ਰ-ਅੰਦਾਜ਼ ਕੀਤੇ ਜਾ ਰਹੇ ਸ਼ਹੀਦਾਂ ਦੇ ਸ਼ਹਿਰ ਫਿਰੋਜ਼ਪੁਰ ਦੀ ਬਿਹਤਰੀ ਲਈ ਕੁਝ ਕਰ ਕੇ ਦਿਖਾਓ, ਜਿਸ 'ਤੇ ਫਿਰੋਜ਼ਪੁਰ ਦੇ ਲੋਕਾਂ ਨੂੰ ਮਾਣ ਹੋਵੇ। ਵੀਡੀਓ ਨੂੰ ਫਿਰੋਜ਼ਪੁਰ ਦੇ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਬਾਰਡਰ 'ਤੇ ਸਥਿਤ ਫਿਰੋਜ਼ਪੁਰ ਸ਼ਹਿਰ ਅੰਤਰਰਾਸ਼ਟਰੀ ਪੱਧਰ 'ਤੇ ਇਤਿਹਾਸਕ ਮਹੱਤਵ ਰੱਖਦਾ ਹੈ ਕਿਉਂਕਿ ਹੁਸੈਨੀਵਾਲਾ ਸਥਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਬੀ. ਕੇ. ਦੱਤ ਅਤੇ ਪੰਜਾਬ ਮਾਤਾ ਦੀ ਸਮਾਰਕ ਹੈ ਅਤੇ ਇਥੇ ਅੰਗਰੇਜ਼ੀ ਹਕੂਮਤ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਦੇਸ਼ ਭਗਤ ਸਾਥੀਆਂ ਨੂੰ ਫਾਂਸੀ ਦੇਣ ਉਪਰੰਤ ਲੁੱਕ-ਛਿਪ ਕੇ ਸਸਕਾਰ ਕੀਤਾ ਗਿਆ ਸੀ।ਇਥੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਰ ਸਾਲ 23 ਮਾਰਚ ਨੂੰ ਸ਼ਹੀਦੀ ਦਿਵਸ ਮਨਾ ਕੇ ਯਾਦ ਕੀਤਾ ਜਾਂਦਾ ਹੈ। ਇਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਚੁੱਕੇ ਹਨ।
ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀਤਾ ਹੈ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਨੂੰ ਨਜ਼ਰ-ਅੰਦਾਜ਼
ਫਿਰੋਜ਼ਪੁਰ ਦੇ ਲੋਕਾਂ ਦਾ ਦੋਸ਼ ਹੈ ਕਿ ਅੱਜ ਤੱਕ ਦੀਆਂ ਕੇਂਦਰ ਅਤੇ ਪੰਜਾਬ ਦੀਆਂ ਸੱਤਾ ਵਿਚ ਰਹੀਆਂ ਸਰਕਾਰਾਂ ਨੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਫਿਰੋਜ਼ਪੁਰ ਲਈ ਅਜਿਹਾ ਕੁਝ ਨਹੀਂ ਕੀਤਾ, ਜਿਸ ਨਾਲ ਇਹ ਸ਼ਹਿਰ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਸਕੇ ਅਤੇ ਇਥੇ ਰਹਿ ਰਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ। ਸੰਸਦੀ ਚੋਣਾਂ ਦੇ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਹੀਦਾਂ ਦੀ ਸ਼ਹਾਦਤ ਦਾ ਲਾਭ ਲੈਣ ਫਿਰੋਜ਼ਪੁਰ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਦੀਆਂ ਕਹਾਣੀਆਂ ਸੁਣਾ ਕੇ ਹੁਸੈਨੀਵਾਲਾ ਬਾਰਡਰ ਵਪਾਰ ਲਈ ਖੁੱਲ੍ਹਵਾਉਣ ਦਾ ਦਾਅਵਾ ਕਰਦੇ ਹਨ ਅਤੇ ਵੱਡੇ ਕਾਰੋਬਾਰ ਸਥਾਪਤ ਕਰਨ ਦੇ ਵਿਸ਼ਵਾਸ ਦਿਵਾਉਂਦੇ ਹਨ ਪਰ ਉਨ੍ਹਾਂ ਦਾ ਇਕ ਵੀ ਦਾਅਵਾ ਅੱਜ ਤੱਕ ਸਹੀ ਨਹੀਂ ਹੋਇਆ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸ਼ਹੀਦਾਂ ਦੇ ਸਮਾਰਕਾਂ ਦੇ ਕੋਲ 1965 ਅਤੇ 1971 ਦੀ ਭਾਰਤ-ਪਾਕਿ ਜੰਗ ਵਿਚ ਗੋਲਾਬਾਰੀ ਦੌਰਾਨ ਨੁਕਸਾਨੀ ਗਈ ਇਕ ਇਮਾਰਤ ਹੈ, ਜੋ ਕਿ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹੈ। ਫਿਰੋਜ਼ਪੁਰ ਦੇ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰੀ ਅਤੇ ਸਿੱਖਿਅਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸ਼ਹੀਦਾਂ ਦੇ ਹੁਸੈਨੀਵਾਲਾ ਦੇ ਸਥਾਨਾਂ ਦੀ ਸੰਭਾਲ ਅਤੇ ਇਨ੍ਹਾਂ ਨੂੰ ਨੈਸ਼ਨਲ ਮਾਨੂਮੈਂਟਰਸ ਐਲਾਨ ਕਰਵਾਉਣ ਦੀ ਜ਼ਿੰਮੇਵਾਰੀ ਸੇਵਾ ਮੁਕਤ ਆਈ. ਏ. ਐੱਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ ਨੂੰ ਸੌਂਪੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਦੀ ਇਸ ਧਰਤੀ ਨੂੰ ਨੈਸ਼ਨਲ ਮਾਨੂਮੈਂਟਰਸ ਘੋਸ਼ਿਤ ਕਰਵਾਉਣ ਲਈ ਸੇਵਾ ਮੁਕਤ ਕਮਿਸ਼ਨਰ ਕੁਲਬੀਰ ਸਿੰਘ ਵਿਚ ਜਨੂਨ ਹੈ ਅਤੇ ਉਨ੍ਹਾਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਰਹਿੰਦੇ ਹੋਏ ਕੇਂਦਰ ਅਤੇ ਪੰਜਾਬ ਤੋਂ ਟੀਮਾਂ ਨੂੰ ਲਿਆ ਕੇ ਕਈ ਵਾਰ ਸਰਵੇ ਕਰਵਾਇਆ ਸੀ।