ਬੋਰਡ ਪ੍ਰੀਖਿਆ ਤੋਂ ਪਹਿਲਾਂ 'ਮੋਦੀ' ਵਿਦਿਆਰਥੀਆਂ ਨੂੰ ਦੇਣਗੇ ਕਾਮਯਾਬੀ ਦਾ ਮੰਤਰ
Monday, Dec 09, 2019 - 03:27 PM (IST)

ਲੁਧਿਆਣਾ (ਵਿੱਕੀ) : ਬੋਰਡ ਅਤੇ ਸਕੂਲਾਂ ਦੀਆਂ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਪ੍ਰੀਖਿਆ 'ਤੇ ਚਰਚਾ ਦੇ ਤੀਜੇ ਸਾਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨੀਂ ਖੁਦ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਹੋ ਕੇ ਪ੍ਰੀਖਿਆ ਦੇਣ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 9ਵੀਂ ਤੋਂ 12ਵੀਂ ਤੱਕ ਕਲਾਸ ਦੇ ਵਿਦਿਆਰਥੀਆਂ ਲਈ ਇਕ ਪ੍ਰਤੀਯੋਗਤਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ, ਜਿਸ ਦੇ ਜੇਤੂਆਂ ਨੂੰ ਅਗਲੇ ਸਾਲ ਪ੍ਰੀਖਿਆ 'ਤੇ ਚਰਚਾ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਪ੍ਰੀਖਿਆ 'ਤੇ ਚਰਚਾ 'ਚ ਹਿੱਸਾ ਲੈਣ ਲਈ ਵਿਦਿਆਰਥੀ ਕੇਂਦਰ ਸਰਕਾਰ ਦੀ ਵੈੱਬਸਾਈਟ ਮਾਇਜੀਓਵੀਡਾਟ ਇਨ 'ਤੇ ਵਿਜ਼ਿਟ ਕਰ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਹਰੇਕ ਜਾਣਕਾਰੀ ਮਿਲ ਜਾਵੇਗੀ। ਪ੍ਰਤੀਭਾਗੀ ਅਧਿਕਤਮ 500 ਅੱਖਰਾਂ 'ਚ ਪ੍ਰਧਾਨ ਮੰਤਰੀ ਨੂੰ ਆਪਣਾ ਸਵਾਲ ਭੇਜ ਸਕਦੇ ਹਨ।