ਨਣਾਨ ਭਰਜਾਈ ਨੇ ਇਕ-ਦੂਜੇ ''ਤੇ ਲਾਏ ਕੁੱਟਮਾਰ ਦੇ ਦੋਸ਼

11/21/2017 4:07:19 AM

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਪਿੰਡ ਮੰਨਣ ਵਾਸੀ ਇਕ ਮਹਿਲਾ ਨੇ ਆਪਣੀਆਂ ਦੋ ਨਣਾਨਾਂ 'ਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਉਥੇ ਹੀ ਦੂਜੇ ਪਾਸੇ ਆਪਣੀ ਭਰਜਾਈ ਵਲੋਂ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਦੋਵਾਂ ਨਣਾਨਾਂ ਨੇ ਮਹਿਲਾ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਵਲੋਂ ਸਰੇਬਾਜ਼ਾਰ ਦੋਵਾਂ ਭੈਣਾਂ ਦੀ ਕੁੱਟਮਾਰ ਕਰਨ ਅਤੇ ਧੂ-ਘੜੀਸ ਕਰਨ ਦੇ ਦੋਸ਼ ਲਾਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂਆਂ ਭਾਈ ਕੁਲਵੰਤ ਸਿੰਘ ਰਾਗੀ, ਭਾਈ ਰਣਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਸਮੇਤ ਆਪਣੇ ਪਿਤਾ ਲੱਖਾ ਸਿੰਘ, ਭਰਾ ਪਰਮਜੀਤ ਸਿੰਘ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਗਗਨਦੀਪ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਪਿੰਡ ਮੰਨਣ ਨੇ ਦੱਸਿਆ ਕਿ ਆਪਣੇ ਭਰਾ ਨਾਲ ਨਿੱਜੀ ਰੰਜਿਸ਼ ਕਾਰਨ ਉਸ ਦੀਆਂ ਨਣਾਨਾਂ ਗੁਰਿੰਦਰ ਕੌਰ, ਨਿਰਮਲ ਕੌਰ ਅਤੇ ਦਿਉਰ ਗੁਰਿੰਦਰ ਸਿੰਘ ਉਰਫ ਘੁੱਕ ਵੱਲੋਂ ਪਹਿਲਾਂ 18 ਨਵੰਬਰ ਨੂੰ ਉਸ ਦੇ ਘਰ ਆ ਕੇ ਉਸ ਵੇਲੇ ਉਸ ਦੀ ਕੁੱਟਮਾਰ ਕੀਤੀ ਗਈ ਜਦੋਂ ਉਸ ਦਾ ਪਤੀ ਘਰ ਮੌਜੂਦ ਨਹੀਂ ਸੀ ਅਤੇ ਸੋਮਵਾਰ ਨੂੰ ਫਿਰ ਉਕਤ ਲੋਕਾਂ ਵੱਲੋਂ ਉਸ ਨਾਲ ਬੇਤਹਾਸ਼ਾ  ਕੁੱਟਮਾਰ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਧੂ-ਘੜੀਸ ਕੀਤੀ। 
ਗਗਨਦੀਪ ਕੌਰ ਨੇ ਦੋਸ਼ ਲਾਇਆ ਕਿ ਉਸ ਦੀ ਕੁੱਟਮਾਰ ਕਰਦਿਆਂ ਕਥਿਤ ਲੋਕਾਂ ਨੇ ਉਸ ਦੇ ਕਕਾਰ ਤੋੜ ਦਿੱਤੇ ਤੇ ਕੱਪੜੇ ਵੀ ਪਾੜ ਦਿੱਤੇ। ਮਹਿਲਾ ਨੇ ਦੱਸਿਆ ਕਿ ਇਸ ਉਪਰੰਤ ਉਸ ਵਲੋਂ ਆਪਣੇ ਮਾਪਿਆਂ ਨੂੰ ਦੱਸਿਆ ਗਿਆ, ਜਿਨ੍ਹਾਂ ਵੱਲੋਂ ਉਸ ਨੂੰ ਨਾਲ ਲੈ ਕੇ ਥਾਣਾ ਝਬਾਲ ਵਿਖੇ ਕਥਿਤ ਲੋਕਾਂ ਵਿਰੋਧ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦੂਜੇ ਪਾਸੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਦੂਜੀ ਧਿਰ ਦੀਆਂ ਗੁਰਿੰਦਰ ਕੌਰ ਤੇ ਨਿਰਮਲ ਕੌਰ ਨੇ ਕਿਹਾ ਕਿ ਅੱਜ ਜਦੋਂ ਉਹ ਸਵੇਰੇ ਤੜਕਸਾਰ ਪਿੰਡ ਤੋਂ ਅੰਮ੍ਰਿਤਸਰ ਲਈ ਕੰਮ 'ਤੇ ਜਾ ਰਹੀਆਂ ਸਨ ਤਾਂ ਪਿੰਡ ਮੰਨਣ ਸਥਿਤ ਲੱਕੜ ਦੇ ਆਰੇ ਨਜ਼ਦੀਕ ਮੋਟਰਸਾਈਕਲ 'ਤੇ ਸਵਾਰ ਆਏ ਉਨ੍ਹਾਂ ਦੇ ਭਰਾ ਬਚਿੱਤਰ ਸਿੰਘ ਵੱਲੋਂ ਉਨ੍ਹਾਂ ਦੀ ਸਰੇਬਾਜ਼ਾਰ ਕੁੱਟਮਾਰ ਕੀਤੀ ਗਈ। ਬਚਿੱਤਰ ਸਿੰਘ ਵਲੋਂ ਕੀਤੀ ਧੂ-ਘੜੀਸ ਨਾਲ ਉਨ੍ਹਾਂ ਦੇ ਸਿਰ 'ਚ ਸੱਟਾਂ ਵੀ ਲੱਗੀਆਂ ਹਨ। ਔਰਤਾਂ ਨੇ ਕਿਹਾ ਕਿ ਆਰੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ। ਕੈਮਰੇ ਦੀ ਰਿਕਾਰਡਿੰਗ ਉਨ੍ਹਾਂ ਵਲੋਂ ਪੁਲਸ ਨੂੰ ਦਿੱਤੀ ਜਾਵੇਗੀ।
ਡਿਊਟੀ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲ ਗਈਆਂ ਹਨ। ਦੋਵੇਂ ਧਿਰਾਂ ਦੇ ਲੋਕ ਸਰਕਾਰੀ ਹਸਪਤਾਲ  'ਚ ਇਲਾਜ ਅਧੀਨ ਹਨ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਉਪਰੰਤ ਦੋਸ਼ੀ ਧਿਰ 'ਤੇ ਕਾਰਵਾਈ ਕੀਤੀ ਜਾਵੇਗੀ।


Related News