ਕੇਂਦਰੀ ਜੇਲ੍ਹ ''ਚ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ, ਪਰਿਵਾਰ ਨੇ ਲਾਏ ਕੁੱਟਮਾਰ ਦੇ ਦੋਸ਼

06/17/2024 10:08:02 AM

ਫਿਰੋਜ਼ਪੁਰ : ਭਾਰਤ ਨਗਰ ਵਾਸੀ ਇੱਕ ਨੌਜਵਾਨ ਦੀ ਐਤਵਾਰ ਸਵੇਰੇ ਕੇਂਦਰੀ ਜੇਲ੍ਹ 'ਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਇਸ ਨੌਜਵਾਨ ਨੂੰ 3 ਦਿਨ ਪਹਿਲਾਂ ਥਾਣਾ ਸਿਟੀ ਪੁਲਸ ਨੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ। ਥਾਣਾ ਸਿਟੀ ਦੇ ਐੱਸ. ਆਈ. ਬਲਵਿੰਦਰ ਸਿੰਘ ਦੇ ਅਨੁਸਾਰ ਉਨ੍ਹਾਂ ਦੀ ਅਗਵਾਈ 'ਚ ਟੀਮ ਨੇ ਗਸ਼ਤ ਦੇ ਦੌਰਾਨ ਉਕਤ ਸੁਨੀਲ ਕੁਮਾਰ ਨੂੰ ਹੈਰੋਇਨ ਸਮੇਤ ਫੜ੍ਹਿਆ ਸੀ ਅਤੇ ਅਦਾਲਤ 'ਚ ਪੇਸ਼ ਕਰਨ ਉਪਰੰਤ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।

ਸੁਨੀਲ ਕੁਮਾਰ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਥਾਣੇ 'ਚ ਸੁਨੀਲ ਦੇ ਨਾਲ ਕਾਫੀ ਤਸ਼ੱਦਦ ਹੋਇਆ, ਜਿਸਦੀ ਮਾਰ ਨਾ ਝੱਲਦੇ ਹੋਏ ਉਸਨੇ ਅੱਜ ਦਮ ਤੋੜ ਦਿੱਤਾ। ਜੇਲ੍ਹ ਪ੍ਰਸ਼ਾਸਨ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਹੈ। ਪਰਿਵਾਰ ਨੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।


Babita

Content Editor

Related News