ਮੋਦੀ ਸਰਕਾਰ ਵਿਰੁੱਧ ਨੰਗੇ ਧੜ ਉਤਰੇ ਨੌਜਵਾਨ, ਅੱਧਾ ਦਰਜਨ ਪਿੰਡਾਂ ਵਿਚ ਲੋਕਾਂ ਨੇ ਕੀਤੇ ਰੋਸ ਪ੍ਰਦਰਸ਼ਨ
Sunday, Jan 03, 2021 - 05:18 PM (IST)
ਲੰਬੀ/ਮਲੋਟ (ਜੁਨੇਜਾ) - ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਅੱਜ ਲੰਬੀ ਦੇ ਪਿੰਡ ਬਾਦਲ ,ਗੱਗੜ , ਖਿਊਵਾਲੀ , ਕਿੱਲਿਆਵਾਲੀ ਅਤੇ ਖੁੱਡੀਆਂ ਸਮੇਤ ਵੱਖ ਵੱਖ ਪਿੰਡਾਂ ਵਿਚ ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤੇ ਗਏ। ਇਸ ਸਬੰਧੀ ਪਿੰਡ ਬਾਦਲ ਵਿਖੇ ਨੌਜਵਾਨਾਂ , ਕਿਸਾਨਾਂ, ਖੇਤ ਮਜਦੂਰਾਂ ਅਤੇ ਮੁਲਾਜ਼ਮਾਂ ਨੇ ਗੱਗੜ ਬੱਸ ਅੱਡੇ ਤੋਂ ਇਕ ਮਾਰਚ ਸ਼ੁਰੂ ਕੀਤਾ ਜੋ ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦਾਂ ਹੋਇਆ ਗੁਰਦਵਾਰਾ ਸਾਹਿਬ ਕੋਲ ਸਮਾਪਤ ਹੋਇਆ। ਇਸ ਮਾਰਚ ਨੂੰ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਹਰਪਾਲ ਸਿੰਘ ਕਿੱਲਿਆ ਵਾਲੀ ਅਤੇ ਪੰਜਾਬ ਖੇਤ ਮਜਦੂਰ ਬਲਾਕ ਲੰਬੀ ਦੇ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ , ਟੀ.ਐਸ.ਯੂ. ਆਗੂ ਸੱਤਪਾਲ ਬਾਦਲ , ਨੌਜਵਾਨ ਆਗੂ ਜਗਦੀਪ ਸਿੰਘ ਖੁੱਡੀਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਹਨਾਂ ਕਾਨੂੰਨਾਂ ਨੂੰ ਕਿਸਾਨੀ ਦੀ ਮੌਤ ਦੇ ਵਾਰੰਟ ਦੱਸਿਆ ਅਤੇ ਕਿਹਾ ਇਹ ਕਾਨੂੰਨ ਖੇਤੀ ਵਿਚੋਂ ਕਿਸਾਨਾਂ ਦੇ ਨਾਲ ਖੇਤ ਮਜਦੂਰਾਂ ਦੇ ਉਜਾੜੇ ਦਾ ਸਬੱਬ ਵੀ ਬਨਣਗੇ। ਉਹਨਾਂ ਕਿਹਾ ਕਿ ਕੇਂਦਰ ਦੀਆਂ ਇਹਨਾਂ ਮਾੜੀਆਂ ਨੀਤੀਆਂ ਕਰਕੇ ਹਰ ਵਰਗ ਦੁਸ਼ਵਾਰੀਆਂ ਹੰਡਾ ਰਹੇ ਹਨ।
ਇਸ ਮੌਕੇ ਨੌਜਵਾਨ ਗੁਰਵਿੰਦਰ ਸਿੰਘ ਅਤੇ ਵੀਲ ਚੇਅਰ ਉਪਰ ਮੁਜਾਹਰੇ ਵਿਚ ਸ਼ਾਮਿਲ ਹੋਏ ਸੁਖਚੈਣ ਸਿੰਘ ਨੇ ਨੰਗੇ ਧੜ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਮਾਨ ਅਤੇ ਖੇਤ ਮਜਦੂਰ ਆਗੂ ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ। ਉਧਰ ਪਿੰਡ ਖੁੱਡੀਆਂ ਗੁਲਾਬ ਸਿੰਘ ਅਤੇ ਖਿਉ ਵਾਲੇ ਦੇ ਨੌਜਵਾਨਾਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਫਾਜ਼ਿਲਕਾ ਦਿੱਲੀ ਕੌਮੀ ਸ਼ਾਹ ਮਾਰਗ ਉਪਰ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਤਖਤੀਆਂ ਉਪਰ ਮੋਦੀ ਸਰਕਾਰ ਅਤੇ ਕਾਲੇ ਕਾਨੂੰਨਾਂ ਵਿਰੁੱਧ ਨਾਅਰੇ ਲਿਖੇ ਹੋਏ ਸਨ। ਇਸ ਤੋਂ ਇਲਾਵਾ ਕਿੱਲਿਆਵਾਲੀ ਵਿਖੇ ਖੇਤ ਮਜਦੂਰਾਂ ਨੇ ਰੋਸ ਰੈਲੀ ਕੀਤੀ ਅਤੇ ਪਿੰਡ ਗੱਗੜ ਵਿਖੇ ਅਰਥੀ ਫੂਕ ਮੁਜਾਹਰਾ ਵੀ ਕੀਤਾ ਗਿਆ।