ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

Thursday, Nov 23, 2017 - 06:59 AM (IST)

ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ  (ਦੀਪਕ/ਪੁਰੀ)  - ਹਿੰਦ ਦੀ ਚਾਦਰ, ਹਿੰਦੂ ਧਰਮ ਤੇ ਮਜ਼ਲੂਮਾਂ ਦੇ ਰੱਖਿਅਕ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ।  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ। ਪ੍ਰੰਪਰਾ ਅਨੁਸਾਰ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦੀ ਸੇਵਾ ਲਈ ਸਥਾਨਕ ਸਭਾ ਸੁਸਾਇਟੀਆਂ ਤੇ ਸੰਗਤਾਂ ਵੱਲੋਂ ਥਾਂ-ਥਾਂ ਲੰਗਰ ਲਗਾਏ ਗਏ।  ਨਗਰ ਕੀਰਤਨ ਵਿਚ ਸਕੂਲੀ ਬੱਚਿਆਂ, ਗਤਕਾ ਪਾਰਟੀਆਂ ਅਤੇ ਸੰਗਤਾਂ ਨੇ ਸ਼ਰਧਾ ਸਹਿਤ ਸ਼ਮੂਲੀਅਤ ਕੀਤੀ।
ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਚੌਕ ਪ੍ਰਾਗਦਾਸ, ਚੌਕ ਬਾਬਾ ਸਾਹਿਬ, ਚੌਕ ਕਰੋੜੀ, ਬਾਬਾ ਦੀਪ ਸਿੰਘ ਕਾਲੋਨੀ, ਚੌਕ ਮੋਨੀ, ਹਵੇਲੀ ਅਬਲਵਾਈਆ, ਚੌਕ ਜੈ ਸਿੰਘ, ਬਾਜ਼ਾਰ ਲੁਹਾਰਾਂ, ਚੌਕ ਲਛਮਣਸਰ, ਕਣਕ ਮੰਡੀ, ਦਾਲ ਮੰਡੀ, ਚਾਵਲ ਮੰਡੀ, ਚੌਕ ਭਾਈ ਮਤੀ ਦਾਸ, ਚੌਕ ਛੱਤੀ ਖੂਹੀ, ਬਾਜ਼ਾਰ ਬਾਂਸਾਂ, ਬਾਜ਼ਾਰ ਪਾਪੜਾਂ, ਬਾਜ਼ਾਰ ਕਾਠੀਆਂ, ਦਰਸ਼ਨੀ ਡਿਓਢੀ, ਗੁਰੂ ਬਾਜ਼ਾਰ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ।
ਇਸ ਸਮੇਂ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਅਵਤਾਰ ਸਿੰਘ ਸੈਂਪਲਾ ਤੇ ਹਰਭਜਨ ਸਿੰਘ ਮਨਾਵਾਂ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਬਲਵਿੰਦਰ ਸਿੰਘ ਜੌੜਾਸਿੰਘਾ ਤੇ ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਗੁਰਿੰਦਰ ਸਿੰਘ ਮਥਰੇਵਾਲ ਤੇ ਰਘਬੀਰ ਸਿੰਘ ਮੰਡ, ਸੁਪਰਡੈਂਟ ਸਤਨਾਮ ਸਿੰਘ, ਕਰਨਜੀਤ ਸਿੰਘ ਤੇ ਸੁਖਦੇਵ ਸਿੰਘ ਇੰਚਾਰਜ, ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ, ਰਾਜਿੰਦਰ ਸਿੰਘ ਅਟਾਰੀ, ਸੁਖਰਾਜ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਤੇ ਬਘੇਲ ਸਿੰਘ, ਸੀਨੀਅਰ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।


Related News