ਨਗਰ ਕੀਰਤਨ ਤੋਂ ਪਰਤ ਰਹੇ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Sunday, Jan 13, 2019 - 02:24 PM (IST)

ਨਗਰ ਕੀਰਤਨ ਤੋਂ ਪਰਤ ਰਹੇ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਕੋਟਕਪੂਰਾ (ਨਰਿੰਦਰ) - ਕੋਟਕਪੂਰਾ ਦੇ ਫੈਕਟਰੀ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਦਕਿ ਉਸ ਦੀ ਮਾਂ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਲਵਪ੍ਰੀਤ 5 ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸੇ 'ਚ ਜ਼ਖਮੀ ਹੋਏ ਲਵਪ੍ਰੀਤ ਅਤੇ ਉਸ ਦੀ ਮਾਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਆਪਣੀ ਮਾਤਾ ਨੀਰੂ ਕੌਰ, ਪਰਿਵਾਰ ਦੇ ਹੋਰ ਮੈਂਬਰਾਂ ਤੇ ਮੁਹੱਲਾ ਵਾਸੀਆਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਸ਼ਹਿਰ 'ਚ ਆਯੋਜਿਤ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਜਿਵੇਂ ਹੀ ਫੈਕਟਰੀ ਰੋਡ 'ਤੇ ਸਥਿਤ ਆਪਣੇ ਮੁਹੱਲੇ ਨੂੰ ਜਾਣ ਵਾਲੇ ਮੌੜ ਨੇੜੇ ਪੁੱਜਾ ਤਾਂ ਮੁਕਤਸਰ ਰੋਡ ਤੋਂ ਆ ਰਹੇ ਇਕ ਟਰੱਕ ਚਾਲਕ ਨੇ ਲਵਪ੍ਰੀਤ ਅਤੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਟਰੱਕ ਨੂੰ ਘੇਰ ਲਿਆ ਅਤੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਥਾਣਾ ਸਿਟੀ ਦੇ ਐੱਸ. ਐੱਚ. ਓ. ਖੇਮਚੰਦ ਪਰਾਸ਼ਰ ਨੇ ਟਰੱਕ ਚਾਲਕ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮੁਹੱਲਾ ਵਾਸੀਆਂ ਦਾ ਗੁੱਸਾ ਸ਼ਾਂਤ ਕਰਵਾ ਦਿੱਤਾ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ।


author

rajwinder kaur

Content Editor

Related News