ਨਾਭਾ ਜੇਲ ਬ੍ਰੇਕ ਕਾਂਡ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਭਗੌੜਾ ਐੱਨ.ਆਰ.ਆਈ. ਗ੍ਰਿਫਤਾਰ

Sunday, Jul 29, 2018 - 10:10 PM (IST)

ਨਾਭਾ ਜੇਲ ਬ੍ਰੇਕ ਕਾਂਡ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਭਗੌੜਾ ਐੱਨ.ਆਰ.ਆਈ. ਗ੍ਰਿਫਤਾਰ

ਮੋਗਾ-ਮੋਗਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਨਾਭਾ ਜੇਲ ਬ੍ਰੇਕ ਕਾਂਡ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਪਨਾਹ ਦੇਣ ਵਾਲੇ ਆਸਟਰੇਲੀਆ ਸਿਟੀਜ਼ਨ (ਐੱਨ. ਆਰ. ਆਈ.) ਕੁਲਤਾਰ ਸਿੰਘ ਉਰਫ ਗੋਲਡੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਅਜੀਤਵਾਲ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ । 
ਐੱਸ. ਪੀ. (ਆਈ) ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਬੀਤੀ 27 ਨਵੰਬਰ 2016 ਨੂੰ ਨਾਭਾ ਜੇਲ 'ਚੋਂ 15-20 ਅਣਪਛਾਤੇ ਵਿਅਕਤੀ, ਜਿਨ੍ਹਾਂ 'ਚ 3-4 ਪੁਲਸ ਦੀ ਵਰਦੀ 'ਚ ਸਨ, ਅੰਨ੍ਹੇਵਾਹ ਫਾਇਰਿੰਗ ਕਰ ਕੇ ਜੇਲ 'ਚ ਬੰਦ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ ਨਿਵਾਸੀ ਗਲਵੰਡੀ, ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਨੀਟਾ ਦਿਓਲ, ਅਮਨਦੀਪ ਸਿੰਘ ਢੋਟੀਆਂ, ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਰ ਨੂੰ ਜੇਲ 'ਚੋਂ ਭਜਾ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਕੁਝ ਹੋਰ ਸਾਥੀਆਂ ਨਾਲ ਜਿਨ੍ਹਾਂ ਦੇ ਕੋਲ ਅਸਲਾ ਵੱਡੀ ਮਾਤਰਾ 'ਚ ਹੈ, ਮੋਗਾ ਜ਼ਿਲੇ ਦੇ ਪਿੰਡ ਢੁੱਡੀਕੇ 'ਚ ਹੈ।
ਇਸ ਸਬੰਧ 'ਚ ਜ਼ਿਲਾ ਪੁਲਸ ਮੁਖੀ ਪਟਿਆਲਾ, ਜ਼ਿਲਾ ਪੁਲਸ ਮੁਖੀ ਮੋਗਾ ਨੇ ਭਾਰੀ ਪੁਲਸ ਫੋਰਸ ਦੇ ਨਾਲ ਪਿੰਡ ਢੁੱਡੀਕੇ 'ਚ ਕੁਲਤਾਰ ਸਿੰਘ ਗੋਲਡੀ ਦੇ ਘਰ ਛਾਪੇਮਾਰੀ ਕੀਤੀ ਅਤੇ ਉੱਥੋਂ ਗੁਰਪ੍ਰੀਤ ਸਿੰਘ ਸੇਖੋਂ, ਮਨਵੀਰ ਉਰਫ ਮਨੀ ਨਿਵਾਸੀ ਮੁੱਦਕੀ (ਫਿਰੋਜ਼ਪੁਰ), ਰਾਜਵਿੰਦਰ ਸਿੰਘ ਉਰਫ ਰਾਜੂ ਸੁਲਤਾਨ ਨਿਵਾਸੀ ਪਿੰਡ ਮੰਗੇਵਾਲਾ ਮੋਗਾ, ਕੁਲਵਿੰਦਰ ਸਿੰਘ ਉਰਫ ਟਿਮਰੀ ਨਿਵਾਸੀ ਸਿਧਾਨਾ (ਬਠਿੰਡਾ) 12 ਫਰਵਰੀ 2017 ਨੂੰ ਕੁਲਤਾਰ ਸਿੰਘ ਉਰਫ ਗੋਲਡੀ ਨਿਵਾਸੀ ਪਿੰਡ ਢੁੱਡੀਕੇ ਤੋਂ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਤੋਂ ਅਸਲਾ ਅਤੇ ਖੋਹੀਆਂ ਗਈਆਂ ਕਾਰਾਂ ਅਤੇ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਸਮੇਂ ਪਤਾ ਲੱਗਾ ਸੀ ਕਿ ਕੁਲਤਾਰ ਸਿੰਘ ਉਰਫ ਗੋਲਡੀ ਅਤੇ ਗੁਰਵਿੰਦਰ ਸਿੰਘ ਗੋਰੀ ਨਿਵਾਸੀ ਮੋਗਾ ਨੂੰ ਪਤਾ ਹੋਣ ਦੇ ਬਾਵਜੂਦ ਵੀ ਨਾਭਾ ਜੇਲ ਬ੍ਰੇਕ ਕਾਂਡ ਦੇ ਗੈਂਗਸਟਰਾਂ ਨੂੰ ਪਨਾਹ ਦਿੱਤੀ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਵੱਲੋਂ ਐੱਸ. ਐੱਸ. ਪੀ. ਪਟਿਆਲਾ ਦੇ ਆਦੇਸ਼ਾਂ 'ਤੇ 15 ਫਰਵਰੀ 2017 ਨੂੰ ਕੁਲਤਾਰ ਸਿੰਘ ਉਰਫ ਗੋਲਡੀ ਪੁੱਤਰ ਲਖਵੰਤ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਗੋਰੀ ਨਿਵਾਸੀ ਦਸਮੇਸ਼ ਨਗਰ ਮੋਗਾ ਖਿਲਾਫ ਪਨਾਹ ਦੇਣ ਦੇ ਦੋਸ਼ਾਂ ਤਹਿਤ ਥਾਣਾ ਅਜੀਤਵਾਲ 'ਚ ਮਾਮਲਾ ਦਰਜ ਕੀਤਾ ਗਿਆ ਸੀ। ਕੁਲਤਾਰ ਸਿੰਘ ਗੋਲਡੀ ਨੂੰ ਉਕਤ ਮਾਮਲੇ 'ਚ 21 ਫਰਵਰੀ 2017 ਨੂੰ ਭਗੌੜਾ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਅਜੀਤਵਾਲ ਦੇ ਮੁਖੀ ਰਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਛਾਪੇਮਾਰੀ ਕਰ ਕੇ ਢੁੱਡੀਕੇ ਕੋਲੋਂ ਭਗੌੜੇ ਦੋਸ਼ੀ ਕੁਲਤਾਰ ਸਿੰਘ ਉਰਫ ਗੋਲਡੀ ਨੂੰ ਗ੍ਰਿਫਤਾਰ ਕੀਤਾ।


Related News