ਇਨ੍ਹਾਂ ਸਿਆਸਤਦਾਨਾਂ ਨੇ ਆਪਣੇ ਹੀ ਆਗੂਆਂ ਖਿਲਾਫ ਬਾਗ਼ੀ ਹੋ ਕੇ ਵਾਹ-ਵਾਹ ਖੱਟੀ

01/17/2020 12:02:13 PM

ਨਾਭਾ (ਸੁਸ਼ੀਲ ਜੈਨ): ਰਿਆਸਤਾਂ ਸਮੇਂ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ਾਂ ਖਿਲਾਫ ਬਗਾਵਤ ਕਰ ਕੇ ਇਤਿਹਾਸ ਵਿਚ ਦੇਸ਼-ਭਗਤ ਮਹਾਰਾਜਾ ਵਜੋਂ ਨਾਂ ਦਰਜ ਕਰਵਾਇਆ ਸੀ। ਅਜ਼ਾਦੀ ਤੋਂ ਬਾਅਦ ਪੈਪਸੂ ਸਮੇਂ ਇਥੋਂ ਦੇ ਜੰਮਪਲ (ਸਿਹਤ ਮੰਤਰੀ ਰਹੇ) ਜਨਰਲ ਸ਼ਿਵਦੇਵ ਸਿੰਘ ਨੇ ਉਸ ਸਮੇਂ ਦੇ ਮੁੱਖ ਮੰਤਰੀ ਬ੍ਰਿਸ਼ ਭਾਨ ਖਿਲਾਫ ਅਵਾਜ਼ ਬੁਲੰਦ ਕੀਤੀ ਸੀ। ਇਥੇ ਬਚਪਣ ਬਤੀਤ ਕਰ ਕੇ ਸੁਰਜੀਤ ਸਿੰਘ ਬਰਨਾਲਾ ਨੇ ਅਕਾਲੀ ਸਰਕਾਰ ਸਮੇਂ ਵਿੱਦਿਆ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਫਿਰ ਪਾਰਟੀ ਖਿਲਾਫ ਬਾਗੀ ਹੋ ਕੇ ਮੁੱਖ ਮੰਤਰੀ ਅਤੇ ਕਈ ਸੂਬਿਆਂ ਦੇ ਰਾਜਪਾਲ ਰਹੇ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਬਾਦਲ ਖਿਲਾਫ ਬਗਾਵਤ ਕੀਤੀ ਸੀ। ਇੰਝ ਹੀ ਇਥੇ 8 ਸਾਲ ਬਤੀਤ ਕਰਨ ਵਾਲੇ ਜਗਮੀਤ ਸਿੰਘ ਬਰਾੜ (ਸਾ. ਮੈਂਬਰ ਪਾਰਲੀਮੈਂਟ) ਨੇ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਲੀਡਰਸ਼ਿੱਪ ਖਿਲਾਫ ਅਵਾਜ਼ ਬੁਲੰਦ ਕੀਤੀ। ਇਥੇ 8 ਸਾਲ ਸਕੂਲੀ ਵਿੱਦਿਆ ਪ੍ਰਾਪਤ ਕਰਨ ਵਾਲੇ ਸਾਬਕਾ ਮੰਤਰੀ ਗੁਰਦਰਸ਼ਨ ਸਿੰਘ ਨੇ ਦਰਬਾਰਾ ਸਿੰਘ ਖਿਲਾਫ ਝੰਡਾ ਚੁੱਕਿਆ ਸੀ। ਸਾਬਕਾ ਲੋਕ ਨਿਰਮਾਣ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ ਵੀ ਆਪਣੀ ਲੀਡਰਸ਼ਿੱਪ ਖਿਲਾਫ ਬਗਾਵਤ ਕੀਤੀ। ਇਥੋਂ ਦੀ ਬੇਦੀਆਂ ਸਟਰੀਟ ਵਿਚ ਖੇਡਦੇ ਰਹੇ ਨਵਜੋਤ ਸਿੰਘ ਸਿੱਧੂ (ਸਾਬਕਾ ਮੰਤਰੀ ਤੇ ਸਾਬਕਾ ਐੱਮ. ਪੀ.) ਨੇ ਪਹਿਲਾਂ ਭਾਜਪਾ, ਫਿਰ ਕਾਂਗਰਸੀ ਸੀ. ਐੱਮ. ਖਿਲਾਫ ਝੰਡਾ ਚੁੱਕਿਆ ਅਤੇ ਵਾਹ-ਵਾਹ ਖੱਟੀ। ਨਾਭਾ ਵਚ 8 ਵਰ੍ਹੇ ਬਚਪਨ ਬਤੀਤ ਕਰਨ ਵਾਲੇ ਪੰਜਾਬ ਪ੍ਰਦੇਸ਼ ਦੇ ਸਾਬਕਾ ਕਾਂਗਰਸ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ (ਐੱਮ. ਪੀ.) ਨੇ ਹੁਣ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਖਿਲਾਫ ਜ਼ਮੀਰ ਦੀ ਅਵਾਜ਼ ਅਨੁਸਾਰ ਬਗਾਵਤ ਕਰ ਕੇ ਪੰਜਾਬ ਕਾਂਗਰਸ ਵਿਚ ਖਲਬਲੀ ਮਚਾ ਦਿੱਤੀ ਹੈ। ਚਾਰ ਵਾਰੀ ਵਿਧਾਇਕ ਰਹੇ ਇਥੋਂ ਦੇ ਜੰਮਪਲ ਕਾਕਾ ਰਣਦੀਪ ਸਿੰਘ ਨੇ ਵੀ ਕੈ. ਅਮਰਿੰਦਰ ਸਿੰਘ ਨਾਲ ਨਿੱਜੀ ਰਿਸ਼ਤੇ ਮਜ਼ਬੂਤ ਹੋਣ ਦੇ ਬਾਵਜੂਦ ਦੋ ਵਾਰੀ ਬਾਗੀ ਸੁਰ ਦਿਖਾਏ।

ਨਾਭਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਾਭਾ ਇਤਿਹਾਸਕ ਰਿਆਸਤ ਰਹੀ ਹੈ, ਜਿਸ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਬਾਗੀ ਹੋਣ 'ਤੇ ਕਾਲਾ ਪਾਣੀ (ਕੌਡਾਕਨਾਲ) ਭੇਜਿਆ ਗਿਆ ਸੀ। ਹੁਣ ਇਸ ਰਿਆਸਤੀ ਨਗਰੀ ਦਾ ਪਾਣੀ ਹੀ ਅਜਿਹਾ ਹੋ ਗਿਆ ਹੈ ਕਿ ਇੱਥੇ ਬਚਪਨ ਬਤੀਤ ਕਰਨ ਵਾਲੇ ਸਿਆਸਤਦਾਨ ਆਪਣੀ ਹੀ ਪਾਰਟੀ ਦੇ ਆਗੂਆਂ ਖਿਲਾਫ ਬਗਾਵਤ ਕਰ ਕੇ ਜਿਥੇ ਵਾਹ-ਵਾਹ ਖਟਦੇ ਹਨ, ਉਥੇ ਹੀ ਰਿਆਸਤੀ ਨਗਰੀ ਦਾ ਨਾਂ ਚਰਚਾ ਵਿਚ ਲਿਆਉਂਦੇ ਹਨ।


Shyna

Content Editor

Related News