2019 :ਨਾਭਾ ਦੀ ਅਫ਼ਸਰਸ਼ਾਹੀ ''ਤੇ ਤਬਾਦਲਿਆਂ ਕਾਰਣ ਰਿਹਾ ਭਾਰੂ

01/03/2020 10:56:35 AM

ਨਾਭਾ (ਜੈਨ): ਸਾਲ 2019 ਰਿਆਸਤੀ ਨਗਰੀ ਦੀ ਅਫਸਰਸ਼ਾਹੀ 'ਤੇ ਵੀ ਭਾਰੂ ਰਿਹਾ। ਇਥੋਂ ਦੀ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਦੇ 3 ਸੁਪਰਡੈਂਟਾਂ (ਜੇਲਰਾਂ), ਨਵੀਂ ਜ਼ਿਲਾ ਜੇਲ ਦੇ 3 ਜੇਲਰਾਂ ਅਤੇ ਖੇਤੀਬਾੜੀ ਜੇਲ ਦੇ 2 ਜੇਲਰਾਂ, ਸਿਵਲ ਹਸਪਤਾਲ ਦੇ 2 ਸੀਨੀਅਰ ਮੈਡੀਕਲ ਅਫਸਰਾਂ, 6 ਡਾਕਟਰਾਂ, ਨਗਰ ਕੌਂਸਲ ਦੇ 4 ਈ. ਓਜ਼ ਦੇ ਤਬਾਦਲੇ ਹੋਏ, ਜੋ ਕਿ ਪਿਛਲੇ 70 ਸਾਲਾਂ ਵਿਚ ਰਿਕਾਰਡ ਹੈ। ਕੌਂਸਲ ਦੇ ਇਕ ਈ. ਓ. ਰਾਕੇਸ਼ ਗਰਗ ਨੇ 19 ਮਾਰਚ 2019 ਨੂੰ ਆਪਣੇ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਪੀ. ਏ. ਖਿਲਾਫ ਸੰਗੀਨ ਦੋਸ਼ ਲਾ ਕੇ ਨੌਕਰੀ ਤੋਂ ਤਿਆਗ-ਪੱਤਰ ਦੇ ਦਿੱਤਾ ਸੀ, ਜਿਸ ਨਾਲ ਸੂਬੇ ਦੀ ਸਿਆਸਤ ਵਿਚ ਭੂਚਾਲ ਆ ਗਿਆ ਸੀ। ਸਥਾਨਕ ਭਾਜਪਾ ਦੇ ਸੂਬਾਈ ਆਗੂ ਰਣਧੀਰ ਸਿੰਘ ਖੰਗੂੜਾ ਨੇ 100 ਤੋਂ ਵੱਧ ਸਾਥੀਆਂ ਸਮੇਤ 15 ਅਪ੍ਰੈਲ ਨੂੰ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਸੀ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 101 ਲਾਭਪਾਤਰੀਆਂ ਨੂੰ ਦਿੱਤੇ ਗਏ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸਾਰਾ ਸਾਲ ਕੋਰਾ ਕਾਗਜ਼ ਬਣ ਕੇ ਰਹਿ ਗਏ। ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦਾ ਅਹੁਦਾ ਕਈ ਮਹੀਨਿਆਂ ਤੱਕ ਖਾਲੀ ਰਹਿਣ ਤੋਂ ਬਾਅਦ 16 ਅਪ੍ਰੈਲ ਨੂੰ ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼, ਐਡਵੋਕੇਟ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ। ਪ੍ਰਸ਼ਾਸਨ ਖਿਲਾਫ ਬੌੜਾਂ ਗੇਟ ਚੌਕ 'ਤੇ ਪਟਿਆਲਾ ਗੇਟ ਆਦਿ ਥਾਵਾਂ 'ਤੇ ਵੱਖ-ਵੱਖ ਸੰਸਥਾਵਾਂ ਵੱਲੋਂ 58 ਵਾਰੀ ਧਰਨੇ ਲਾਏ ਗਏ। ਟਰੈਫਿਕ ਜਾਮ ਕੀਤਾ। ਸ਼ਹਿਰ ਵਿਚ 18 ਖੂਨ-ਦਾਨ ਕੈਂਪ ਲਾਏ ਗਏ। ਹਲਕਾ ਵਿਧਾਇਕ ਤੇ ਜੰਗਲਾਤ ਮੰਤਰੀ ਧਰਮਸੌਤ ਦੀ ਕੋਠੀ ਅੱਗੇ ਅਧਿਆਪਕਾਂ, ਆਂਗਣਵਾੜੀਆਂ ਅਤੇ ਜੰਗਲਾਤ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਧਰਨੇ-ਮੁਜ਼ਾਹਰੇ 2019 ਵਿਚ 5 ਵਾਰੀ ਕੀਤੇ ਗਏ।

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਦੇ ਉਲਟ ਇਥੇ ਕੈਬਨਿਟ ਮੰਤਰੀ ਨੇ 2019 ਵਿਚ 26 ਉਦਘਾਟਨੀ ਪੱਥਰ ਰੱਖੇ ਜੋ ਕਿ ਇਕ ਰਿਕਾਰਡ ਹੈ। 2017 ਤੇ 2018 ਵਿਚ ਕੋਈ ਪੱਥਰ ਨਹੀਂ ਰੱਖਿਆ ਗਿਆ ਸੀ ਕਿਉਂਕਿ ਮੁੱਖ ਮੰਤਰੀ ਨੇ 16 ਮਾਰਚ 2017 ਨੂੰ ਸਹੁੰ ਚੁੱਕੀ ਸੀ ਕਿ ਸੂਬੇ ਵਿਚ ਪੱਥਰ ਰੱਖਣ ਦੀ ਪਰੰਪਰਾ ਅਤੇ ਵੀ. ਆਈ. ਪੀ. ਕਲਚਰ ਖਤਮ ਕੀਤਾ ਜਾਵੇਗਾ। ਲੰਬੀ ਉਡੀਕ ਦੇ ਬਾਵਜੂਦ ਇੰਪਰੂਵਮੈਂਟ ਟਰੱਸਟ ਨੂੰ ਨਵਾਂ ਚੇਅਰਮੈਨ ਮਿਲਿਆ ਪਰ ਮਾਰਕੀਟ ਕਮੇਟੀ ਵਿਚ ਨਿਯੁਕਤੀਆਂ ਨਹੀਂ ਹੋ ਸਕੀਆਂ, ਜਿਸ ਕਾਰਣ ਕਾਂਗਰਸੀ ਆਗੂ ਪਰੇਸ਼ਾਨ ਹਨ। ਹੁਣ ਦੇਖਣਾ ਹੈ ਕਿ 2020 ਵਿਚ ਨਿਯੁਕਤੀਆਂ ਕਦੋਂ ਹੁੰਦੀਆਂ ਹਨ?


Shyna

Content Editor

Related News