ਨਾਭਾ ਵਿਖੇ ਮਨਾਇਆ ਜਾਵੇਗਾ 69ਵਾਂ ਸੂਬਾ ਪੱਧਰੀ ਵਣ-ਮਹਾਉਤਸਵ : ਧਰਮਸੌਤ
Friday, Jul 27, 2018 - 11:01 AM (IST)
ਚੰਡੀਗੜ੍ਹ/ਨਾਭਾ (ਕਮਲ)— ਪੰਜਾਬ ਸਰਕਾਰ ਵੱਲੋਂ 69ਵਾਂ ਸੂਬਾ ਪੱਧਰੀ ਵਣ ਮਹਾਉਤਸਵ ਨਾਭਾ, ਜ਼ਿਲਾ ਪਟਿਆਲਾ ਵਿਖੇ 28 ਜੁਲਾਈ ਨੂੰ ਮਨਾਇਆ ਜਾਵੇਗਾ, ਜਿਸਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰੁੱਖ ਲਾ ਕੇ ਕਰਨਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਵਣ ਮਹਾਉਤਸਵ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਹਰਿਆਲੀ ਤੇ ਵਣਾਂ ਹੇਠ ਦੇ ਰਕਬੇ ਨੂੰ ਵਧਾਉਣ ਲਈ ਚਾਲੂ ਸਾਲ 2018-2019 ਦੌਰਾਨ 10 ਹਜ਼ਾਰ ਏਕੜ ਰਕਬੇ 'ਤੇ ਰੁੱਖ ਲਾਉਣ ਦੀ ਯੋਜਨਾ ਹੈ ਤੇ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ ਹੁਣ ਤੱਕ 15 ਲੱਖ ਤੋਂ ਵੱਧ ਰੁੱਖ ਵਣਾਂ, ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਪਿੰਡਾਂ, ਘਰਾਂ ਤੇ ਕਿਸਾਨਾਂ ਵਲੋਂ ਲਾਏ ਜਾ ਚੁੱਕੇ ਹਨ।
ਧਰਮਸੌਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜੰਗਲਾਤ ਵਿਭਾਗ ਕਦਮ-ਕਦਮ ਅੱਗੇ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ 'ਚ ਹਰਿਆਲੀ ਵਧਾਉਣ ਲਈ ਵੱਖ-ਵੱਖ ਜ਼ਿਲਿਆਂ 'ਚ ਝੁੱਗੀ-ਝੌਂਪੜੀ ਤੇ ਪੱਛੜੇ ਖੇਤਰਾਂ ਦੀ ਪਛਾਣ ਕਰਕੇ ਉਥੇ ਰੁੱਖ ਲਾਉਣ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 50 ਹਜ਼ਾਰ ਰੁੱਖ ਲਾਏ ਜਾਣਗੇ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਆਈ-ਹਰਿਆਲੀ' ਐਪ ਨੂੰ ਹੁਣ ਤੱਕ ਸੂਬੇ ਦੇ 2 ਲੱਖ 70 ਹਜ਼ਾਰ ਨਾਗਰਿਕ ਡਾਊਨਲੋਡ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਰਾਹੀਂ ਹੁਣ ਤੱਕ 8 ਲੱਖ ਰੁੱਖ ਸਬੰਧਤਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਧਰਮਸੌਤ ਨੇ ਦੱਸਿਆ ਕਿ ਫਾਰੈਸਟ ਸਰਵੇ ਆਫ ਇੰਡੀਆ-2017 ਦੀ ਰਿਪੋਰਟ ਅਨੁਸਾਰ ਪੰਜਾਬ 'ਚ ਵਣਾਂ ਅਤੇ ਵਣਾਂ ਤੋਂ ਬਾਹਰ ਰੁੱਖਾਂ ਹੇਠ 35, 583 ਏਕੜ ਦੇ ਰਕਬੇ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਖ਼ੁਸ਼ੀ ਵਾਲੀ ਗੱਲ ਹੈ। ਉਨ੍ਹਾਂ ਨੇ ਆਮ ਲੋਕਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਮਨੁੱਖਤਾ ਦੇ ਭਲਾਈ ਵਾਲੇ ਇਸ ਕਾਰਜ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
