ਐੱਨ. ਐੱਚ. ''ਤੇ ਲੱਗੇ ਅੰਗਰੇਜ਼ੀ ਦੇ ਸਾਈਨ ਬੋਰਡਾਂ ''ਤੇ ਮਲੀ ਕਾਲਖ

Monday, Apr 02, 2018 - 01:47 AM (IST)

ਭਵਾਨੀਗੜ੍ਹ, (ਵਿਕਾਸ, ਅੱਤਰੀ)— ਸੂਬੇ ਵਿਚ ਮਾਂ ਬੋਲੀ ਪੰਜਾਬੀ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬੀ ਸਤਿਕਾਰ ਕਮੇਟੀ ਪੰਜਾਬ ਦੇ ਆਗੂਆਂ ਨੇ ਇਥੇ ਨੈਸ਼ਨਲ ਹਾਈਵੇ ਨੰਬਰ 7 'ਤੇ ਲੱਗੇ ਅੰਗਰੇਜ਼ੀ ਭਾਸ਼ਾਵਾਂ ਦੇ ਸਾਈਨ ਬੋਰਡਾਂ 'ਤੇ ਕਾਲਖ ਮਲ ਕੇ ਹਾਈਵੇ ਅਥਾਰਟੀ ਖਿਲਾਫ ਰੋਸ ਜ਼ਾਹਰ ਕੀਤਾ।
ਇਸ ਮੌਕੇ ਸ਼੍ਰੋ.ਅ.ਦਲ (ਅੰਮ੍ਰਿਤਸਰ) ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਫਤਿਹਗੜ੍ਹ ਛੰਨਾਂ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ 1967 ਐਕਟ ਦੇ ਤਹਿਤ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੇ ਸਰਕਾਰੀ ਵਿਭਾਗਾਂ ਸਣੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜਾਰੀ ਕੀਤੇ ਆਦੇਸ਼ਾਂ ਦੇ ਬਾਵਜੂਦ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਦੇ ਕੰਢੇ ਲੱਗੇ ਬੋਰਡਾਂ 'ਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦੇ ਕੇ ਮਾਂ ਬੋਲੀ ਪੰਜਾਬੀ ਦਾ ਸ਼ਰੇਆਮ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਉਨ੍ਹਾਂ ਦੂਜੇ ਪੜਾਅ ਅਧੀਨ ਅੱਜ ਭਵਾਨੀਗੜ੍ਹ ਨੈਸ਼ਨਲ ਹਾਈਵੇ ਤੋਂ ਵਾਇਆ ਪਟਿਆਲਾ, ਸਮਾਣਾ ਤੱਕ ਨੈਸ਼ਨਲ ਹਾਈਵੇ 'ਤੇ ਲੱਗੇ ਅਜਿਹੇ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ 'ਤੇ ਕਾਲਾ ਰੰਗ ਫੇਰ ਦਿੱਤਾ ਹੈ । ਛੰਨਾਂ ਨੇ ਕਿਹਾ ਕਿ ਸੂਬੇ ਵਿਚ ਮਾਂ ਬੋਲੀ ਨੂੰ ਬਚਾਉਣ ਲਈ ਉਹ ਸੰਘਰਸ਼ ਕਰਦੇ ਰਹਿਣਗੇ ।
ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਲੱਖਾ ਸਿਧਾਣਾ ਤੋਂ ਇਲਾਵਾ ਹਰਦੀਪ ਸਿੰਘ ਅਸਮਾਨਪੁਰ, ਹਰਮਨ ਸਿੰਘ, ਗੁਰਵਿੰਦਰ ਮਾਨ, ਕਰਮਜੀਤ ਸਿੰਘ ਚੀਮਾ, ਲਵਪ੍ਰੀਤ ਸਿੰਘ, ਰਵਿੰਦਰ ਸਿੰਘ ਧਨੇਠਾਂ, ਸੰਦੀਪ ਬੰਮਣਾ, ਨਵਲ ਵਿਰਕ, ਹਰਮਨ ਧਾਲੀਵਾਲ, ਸੁਬੇਗ ਸਿੰਘ ਅਤੇ ਬਾਬਾ ਹਰਦੀਪ ਸਿੰਘ ਹਾਜ਼ਰ ਸਨ।
 


Related News