ਭੇਤਭਰੀ ਹਾਲਤ ''ਚ ਔਰਤ ਦਾ ਕਤਲ, ਪਤੀ ਗ੍ਰਿਫਤਾਰ

03/04/2018 8:05:30 AM

ਸੁਲਤਾਨਪੁਰ ਲੋਧੀ, (ਸੋਢੀ)- ਥਾਣਾ ਕਬੀਰਪੁਰ ਪੁਲਸ ਨੇ ਇੰਸਪੈਕਟਰ ਜਸਮੇਲ ਕੌਰ ਚਾਹਲ ਦੀ ਅਗਵਾਈ ਹੇਠ ਇਕ ਵਿਆਹੁਤਾ ਲੜਕੀ ਗੁਰਮੀਤ ਕੌਰ ਪਤਨੀ ਦੇਵ ਦੱਤਾ ਉਰਫ ਭੋਲਾ ਦਾ ਭੇਤਭਰੀ ਹਾਲਤ 'ਚ ਕਤਲ ਹੋ ਗਿਆ ਹੈ। ਇਸ ਮਾਮਲੇ 'ਚ ਮ੍ਰਿਤਕ ਲੜਕੀ ਦੇ ਪਤੀ ਦੇਵ ਦੱਤਾ, ਸੱਸ ਸ਼ਿੰੰਦਰ ਕੌਰ, ਨਣਦੋਈਆ ਪਿੱਪਲ ਸਿੰਘ ਤੇ ਪਤੀ ਦੇ ਮਾਮੇ ਦੇ ਲੜਕੇ ਰਾਜਾ ਸਿੰਘ ਖਿਲਾਫ਼ ਧਾਰਾ 302, 328, 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਕੇ ਲੜਕੀ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ । ਥਾਣਾ ਕਬੀਰਪੁਰ ਦੀ ਐੱਸ. ਐੱਚ. ਓ. ਜਸਮੇਲ ਕੌਰ ਚਾਹਲ ਨੇ ਦੱਸਿਆ ਕਿ ਵਿਆਹੁਤਾ ਲੜਕੀ ਗੁਰਮੀਤ ਕੌਰ ਨੂੰ ਅੱਜ ਪਰਿਵਾਰ ਵਲੋਂ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ, ਜਿਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਪੂਰਥਲਾ ਸਿਵਲ ਹਸਪਤਾਲ ਭੇਜਿਆ ਗਿਆ, ਉਥੇ ਉਸਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਮੀਤ ਕੌਰ ਦੇ ਭਰਾ ਵਿਨੋਦ ਕੁਮਾਰ ਪੁੱਤਰ ਕਸ਼ਮੀਰੀ ਚੰਦ ਪਿੰਡ ਵਾਣ ਤਾਰਾ ਸਿੰਘ (ਭਿਖੀਵਿੰਡ) ਥਾਣਾ ਖਾਲੜਾ, ਜ਼ਿਲਾ ਤਰਨਤਾਰਨ ਨੇ ਦੋਸ਼ ਲਾਇਆ ਕਿ ਉਸਦੀ ਭੈਣ ਨੂੰ ਉਸਦੇ ਪਤੀ, ਸੱਸ, ਨਣਦੋਈਏ ਤੇ ਮਾਮੇ ਦੇ ਮੁੰਡੇ ਨੇ ਮਿਲ ਕੇ ਕਥਿਤ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ । ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ 8 ਸਾਲ ਪਹਿਲਾਂ ਹੀ ਉਸਦੀ ਭੈਣ ਦਾ ਇਥੇ ਵਿਆਹ ਹੋਇਆ ਸੀ ਤੇ ਉਸ ਸਮੇਂ ਤੋਂ ਹੀ ਉਸਦੇ ਪਤੀ ਤੇ ਹੋਰਨਾਂ ਵਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਉਸਦੀ ਭੈਣ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਮੇਲ ਕੌਰ ਚਾਹਲ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਅਨੁਸਾਰ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਪਤਾ ਲੱਗ ਸਕੇਗਾ। ਫਿਲਹਾਲ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰ ਜਾਂਚ ਜਾਰੀ ਹੈ ।                 


Related News