ਜਿਮ ਸੰਚਾਲਕ ’ਤੇ ਔਰਤ ਨੇ ਪਿਸਤੌਲ ਦੀ ਨੋਕ ''ਤੇ ਜਬਰ-ਜ਼ਨਾਹ ਦਾ ਯਤਨ ਕਰਨ ਦੇ ਲਾਏ ਦੋਸ਼

Friday, Jul 24, 2026 - 01:33 PM (IST)

ਜਿਮ ਸੰਚਾਲਕ ’ਤੇ ਔਰਤ ਨੇ ਪਿਸਤੌਲ ਦੀ ਨੋਕ ''ਤੇ ਜਬਰ-ਜ਼ਨਾਹ ਦਾ ਯਤਨ ਕਰਨ ਦੇ ਲਾਏ ਦੋਸ਼

ਮੋਗਾ (ਆਜ਼ਾਦ, ਗੋਪੀ ਰਾਊਕੇ) : ਕੋਟ ਈਸੇ ਖਾਂ ਨਿਵਾਸੀ ਇਕ ਜਿਮ ਸੰਚਾਲਕ ’ਤੇ ਇਕ ਔਰਤ ਵਲੋਂ ਪਿਸਤੋਲ ਦੀ ਨੋਕ ’ਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਪੀੜਤ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਰਾਣੀ ਵਲੋਂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 18 ਸਾਲਾਂ ਪੀੜਤ ਔਰਤ ਨੇ ਕਿਹਾ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਅਤੇ ਮੇਰਾ ਵਿਆਹ 9 ਦਸੰਬਰ 2025 ਨੂੰ ਕੋਟ ਈਸੇ ਖਾਂ ਦੇ ਇਕ ਵਿਅਕਤੀ ਨਾਲ ਹੋਇਆ ਸੀ। ਮੇਰੇ ਪੇਕੇ ਘਰ ਦੇ ਸਾਹਮਣੇ ਉਕਤ ਮੁਲਜ਼ਮ ਦਾ ਜਿਮ ਹੈ। ਪੀੜਤਾ ਨੇ ਕਿਹਾ ਕਿ ਉਹ ਮੈਨੂੰ ਕਾਫ਼ੀ ਸਮੇਂ ਤੋਂ ਗਲਤ ਨਜ਼ਰ ਨਾਲ ਦੇਖਦਾ ਸੀ ਅਤੇ ਵਿਆਹ ਤੋਂ ਪਹਿਲਾਂ ਵੀ ਉਸ ਨੇ ਸਾਡੀ ਚੋਰੀ ਛੁਪੇ ਪ੍ਰੀ-ਵੈਡਿੰਗ ਕਰਨ ਸਮੇਂ ਵੀਡੀਓ ਬਣਾਈ ਸੀ, ਜਿਸ ਕਾਰਨ ਸਾਡੇ ਪਰਿਵਾਰ ਦੀ ਬਹੁਤ ਬਦਨਾਮੀ ਹੋਈ।

ਪੀੜਤਾ ਨੇ ਕਿਹਾ ਕਿ ਮੈਨੂੰ ਕਈ ਵਾਰ ਘੇਰ ਕੇ ਉਸ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ, ਜਿਸ ਕਰਕੇ ਮੈਂ ਮਾਨਸਿਕ ਤੌਰ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਬੀਤੀ 30 ਮਈ ਨੂੰ ਮੈਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਗਈ ਸੀ, ਮੇਰੇ ਪਰਿਵਾਰਕ ਮੈਂਬਰ ਨਾਨਕਸਰ ਠਾਠ ਵਿਖੇ ਪ੍ਰਸਾਦਾ ਦੇਣ ਗਏ ਸੀ ਅਤੇ ਘਰ ਵਿਚ ਮੈਂ ਇਕੱਲੀ ਸੀ ਅਤੇ ਇਸੇ ਦੌਰਾਨ ਮੁਲਜ਼ਮ ਨੇ ਮੇਰੇ ਨਾਲ ਪਿਸਤੋਲ ਦੀ ਨੋਕ ’ਤੇ ਅੰਦਰ ਵੜ੍ਹ ਕੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਧੱਕਾਮੁੱਕੀ ਕਰਨ ਲੱਗ ਪਿਆ ਅਤੇ ਮੇਰੇ ਕੱਪੜੇ ਵੀ ਪਾੜ ਦਿੱਤੇ, ਜਿਸ ’ਤੇ ਮੈਂ ਰੌਲਾ ਪਾਇਆ ਤਾਂ ਆਪਣੇ-ਆਪ ਨੂੰ ਉਪਰ ਜਾ ਕੇ ਬੰਦ ਕਰ ਲਿਆ ਅਤੇ ਪਤੀ ਨੂੰ ਸੂਚਿਤ ਕੀਤਾ, ਜਿਸ ’ਤੇ ਉਹ ਅਤੇ ਹੋਰ ਲੋਕ ਆ ਗਏ। ਉਹ ਸਾਨੂੰ ਕਈ ਵਾਰ ਧਮਕਾਉਣ ਲਈ ਪਿਸਤੋਲ ਵੀ ਦਿਖਾਉਂਦਾ ਰਿਹਾ। ਇਸ ਉਪਰੰਤ ਮੈਂ ਆਪਣੇ ਪਤੀ ਨਾਲ ਜਾ ਕੇ ਥਾਣੇ ਇਤਲਾਹ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News