ਪਿੰਡ ਝਾਂਮਪੁਰ ’ਚ ਦੀਪਕ ਦੇ ਕਤਲ ਮਾਮਲੇ ’ਚ 2 ਮੁਲਜ਼ਮ ਗ੍ਰਿਫ਼ਤਾਰ
Sunday, Jul 26, 2026 - 11:14 AM (IST)
ਮੋਹਾਲੀ (ਜੱਸੀ) : ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਝਾਂਮਪੁਰ ਦੇ ਇਲਾਕੇ 'ਚ 13 ਜੂਨ ਦੀ ਦੇਰ ਰਾਤ ਦੀਪਕ ਕੁਮਾਰ ਵਾਸੀ ਮਲੋਆ (ਚੰਡੀਗੜ੍ਹ) ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਬਲੌਂਗੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਉਰਫ਼ ਗੱਜਕ ਅਤੇ ਅਨਿਲ ਉਰਫ਼ ਨੀਲੂ ਦੋਵੇਂ ਵਾਸੀ ਮਲੋਆ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਬਲੌਂਗੀ ਦੇ ਮੁਖੀ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਤੇ ਮੁਲਜ਼ਮਾਂ ਦਰਮਿਆਨ 5 ਹਜ਼ਾਰ ਨੂੰ ਲੈ ਕੇ ਝਗੜਾ ਹੋਇਆ ਸੀ ਕਿਉਂਕਿ ਦੀਪਕ ਨੇ ਵਿਸ਼ਾਲ ਉਰਫ਼ ਗੱਜਕ ਦੇ 5 ਹਜ਼ਾਰ ਦੇਣੇ ਸਨ। ਗੱਜਕ ਤੇ ਅਨਿਲ ਨੇ ਦੀਪਕ ਨੂੰ ਝਾਂਮਪੁਰ ਕੋਲ ਬੁਲਾਇਆ ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਹੋਈ ਅਤੇ ਮੁਲਜ਼ਮਾਂ ਨੇ ਦੀਪਕ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਮੁਲਜ਼ਮ ਅਨਿਲ ਉਰਫ਼ ਨੀਲੂ ਦੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ’ਤੇ 20 ਤੋਂ ਜ਼ਿਆਦਾ ਮਾਮਲੇ ਚੰਡੀਗੜ੍ਹ ਦੇ ਵੱਖ-ਵੱਖ ਪੁਲਸ ਸਟੇਸ਼ਨਾਂ ’ਚ ਦਰਜ ਹਨ, ਜਿਨਾਂ ’ਚ ਲੁੱਟ-ਖੋਹ, ਆਰਮਜ ਐਕਟ, ਚਿੱਟਾ ਵੇਚਣ, ਚੋਰੀ ਆਦੀ ਹਨ। ਜਾਣਕਾਰੀ ਅਨੁਸਾਰ ਦੀਪਕ ਦੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਸਨ ਤੇ ਉਸ ਦੀ ਖ਼ੂਨ ਨਾਲ ਲੱਥਪੱਥ ਲਾਸ਼ ਸੜਕ ਕੰਢੇ ਮਿਲੀ ਸੀ। ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ, ਉਸ ਦੀਆਂ ਗਤੀਵਿਧੀਆਂ ਤੇ ਆਖਰੀ ਸਮੇਂ ਵਿਚ ਸੰਪਰਕ ’ਚ ਰਹੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਸੀ।
