ਲੋਕਾਂ ਦੇ ਭੇਤਭਰੇ ਹਾਲਾਤ ’ਚ ਗਾਇਬ ਹੋਣ ਦਾ ਸਿਲਸਿਲਾ ਜਾਰੀ, 1 ਹੋਰ ਅੌਰਤ ਗਾਇਬ

Thursday, Jul 26, 2018 - 04:54 AM (IST)

ਲੋਕਾਂ ਦੇ ਭੇਤਭਰੇ ਹਾਲਾਤ ’ਚ ਗਾਇਬ ਹੋਣ ਦਾ ਸਿਲਸਿਲਾ ਜਾਰੀ, 1 ਹੋਰ ਅੌਰਤ ਗਾਇਬ

ਫ਼ਰੀਦਕੋਟ,   (ਹਾਲੀ)- ਫਰੀਦਕੋਟ ਸ਼ਹਿਰ ’ਚੋਂ ਬੱਚਿਆਂ ਅਤੇ ਲੋਕਾਂ ਦੇ ਭੇਤਭਰੇ ਹਾਲਾਤ ਵਿਚ ਗਾਇਬ ਹੋਣ ਦਾ ਸਿਲਸਿਲਾ  ਪਿਛਲੇ 5 ਸਾਲਾਂ ਤੋਂ ਬਾਦਸਤੂਰ ਜਾਰੀ ਹੈ। ਹੁਣ ਤੱਕ ਗਾਇਬ ਹੋਏ ਕਈ ਬੱਚਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਅਤੇ ਪੁਲਸ ਦੇ ਹੱਥ ਇਸ ਮਾਮਲੇ ’ਚ ਅਜੇ ਤੱਕ ਖਾਲੀ ਹੀ ਹਨ। 
ਸ਼ਹਿਰ ’ਚ ਹੁਣ ਇਕ ਹੋਰ ਅੌਰਤ ਭੇਤਭਰੇ ਹਾਲਾਤ ਵਿਚ ਗਾਇਬ ਹੋ ਗਈ ਹੈ ਅਤੇ ਇਹ ਇਸ ਮਹੀਨੇ ਗਾਇਬ ਹੋਣ ਵਾਲੀ ਤੀਜੀ ਅੌਰਤ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ  ਸ਼ਹਿਰ ’ਚੋਂ ਅਨੰਦ ਜੈਨ ਅਤੇ ਉਸ ਦੀ ਪਤਨੀ ਗਾਇਬ ਹੋਏ ਹਨ, ਉਨ੍ਹਾਂ ਬਾਰੇ ਵੀ ਅਜੇ ਤੱਕ ਪਤਾ ਨਹੀਂ ਲਾਇਆ ਜਾ ਸਕਿਆ। 
ਜਾਣਕਾਰੀ ਅਨੁਸਾਰ  ਪੁਲਸ ਨੂੰ ਮੁਹੱਲਾ ਖੋਖਰਾਂ ਨਿਵਾਸੀ ਸ਼ੰਕਰ ਦਾਸ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਕਮਲੇਸ਼ ਰਾਣੀ 23 ਜੁਲਾਈ ਨੂੰ ਸਵੇਰੇ ਘਰੋਂ ਬਾਬਾ ਫਰੀਦ ਮੱਥਾ ਟੇਕਣ ਸਵੇਰੇ 8:00 ਵਜੇ ਗਈ ਪਰ ਵਾਪਸ ਨਹੀਂ ਆਈ। ਉਸ ਦੀ ਉਮਰ 58 ਸਾਲ ਹੈ ਅਤੇ ਟਿੱਲਾ ਬਾਬਾ ਫਰੀਦ ਤੋਂ 1000 ਮੀਟਰ ਦੀ ਦੂਰੀ ’ਤੇ ਰਹਿੰਦੇ ਸਨ। ਪਰਿਵਾਰਕ ਮੈਂਬਰਾਂ ਨੇ ਟਿੱਲਾ ਬਾਬਾ ਫਰੀਦ ਵਿਖੇ ਲਾਏ ਗਏ ਕੈਮਰਿਆਂ ਦੀ ਫੁਟੇਜ ਵੀ ਦੇਖੀ ਹੈ ਪਰ ਕੋਈ ਸੁਰਾਗ ਨਹੀਂ ਮਿਲਿਆ। 
ਜਾਣਕਾਰੀ ਅਨੁਸਾਰ 10 ਕੁ ਦਿਨ ਪਹਿਲਾਂ ਵੀ ਫਰੀਦਕੋਟ ਦਾ ਇਕ ਜੋਡ਼ਾ ਅਨੰਦ ਜੈਨ ਅਤੇ ਉਸ ਦੀ ਪਤਨੀ ਅਚਾਨਕ ਗਾਇਬ ਹੋ ਗਏ ਸਨ ਅਤੇ ਉਨ੍ਹਾਂ ਦਾ ਮੋਟਰਸਾਈਕਲ ਜੌਡ਼ੀਆਂ ਨਹਿਰਾਂ ਦੇ ਕੰਢਿਓਂ ਮਿਲਿਆ ਪਰ ਉਨ੍ਹਾਂ ਬਾਰੇ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 5 ਅਜਿਹੇ ਨੌਜਵਾਨ ਗਾਇਬ ਹੋ ਚੁੱਕੇ ਹਨ,  ਜਿਨ੍ਹਾਂ ਬਾਰੇ ਪੁਲਸ ਕੋਲ ਕੋਈ ਸੁਰਾਗ ਨਹੀਂ ਹੈ। ਇੱਥੋਂ ਤੱਕ ਕਿ  ਗਾਇਬ ਹੋਏ ਨੌਜਵਾਨ ਮਨੋਜ ਕੁਮਾਰ ਦੀ  ਸੀ. ਬੀ. ਆਈ. ਵੀ ਜਾਂਚ ਕਰ ਰਹੀ ਹੈ ਪਰ ਇਹ ਲੋਕ ਗਾਇਬ ਹੋ ਕੇ ਕਿੱਥੇ ਜਾ ਰਹੇ ਹਨ, ਇਸ ਬਾਰੇ ਕਿਸੇ ਨੂੰ ਕੋਈ ਸੁਰਾਗ ਨਹੀਂ ਮਿਲਿਆ। ਇਨ੍ਹਾਂ ਗੁੰਮ ਹੋਏ ਲੋਕਾਂ ਦੇ ਪਰਿਵਾਰਾਂ ਦੇ ਬੁਰਾ ਹਾਲ ਹੈ। 
ਇਸ ਸਬੰਧੀ ਜਦੋਂ ਥਾਣਾ ਸਿਟੀ ਫ਼ਰੀਦਕੋਟ ਵਿਚ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੇ ਗਾਇਬ ਹੋਣ ਦੇ ਮਾਮਲੇ ਨੂੰ ਪੁਲਸ ਗੰਭੀਰਤਾ ਨਾਲ ਲੈ ਗਈ ਹੈ ਅਤੇ ਇਸ ਬਾਰੇ ਬਾਕਾਇਦਾ ਰਪਟ ਦਰਜ ਕਰ ਕੇ ਕਾਰਵਾਈ ਕਰ ਰਹੀ ਹੈ। 
 


Related News