ਮੇਰੇ ਪਿੰਡ ਦੇ ਲੋਕ-4 : ' ਬੀਬੀ ਸੀਬੋ '
Wednesday, Apr 15, 2020 - 11:10 AM (IST)
ਕਿਸ਼ਤ- 4
ਰੁਪਿੰਦਰ ਸੰਧੂ
' ਬੀਬੀ ਸੀਬੋ '
ਜਦੋਂ ਮੈਂ ਨਿਆਣੀਂ ਜਿਹੀ ਹੀ ਸੀ ਉਦੋਂ ਤੋਂ ਹੀ ਵੇਖਦੀ ਸੀ ' ਬੀਬੀ ਸੀਬੋ ' ਸਾਡੇ ਘਰ ਆਉਂਦੀ ਜਾਂਦੀ ਨੂੰ। ਉਹਦੇ ਕੁੱਬ ਪਿਆ ਹੋਣ ਕਰਕੇ ਉਹ ਹਮੇਸ਼ਾ ਸੋਟੀ ਦਾ ਸਹਾਰਾ ਲੈਕੇ ਤੁਰਦੀ ਸੀ। ਰਵੀਦਾਸੀਆਂ ਦੇ ਪਰਿਵਾਰ ’ਚੋਂ ਸੀ ਬੀਬੀ ਸੀਬੋ ਪਰ ਉਹਦਾ ਗੋਰਾ ਨਿਛੋਹ ਰੰਗ ਚੰਗੀਆਂ-ਚੰਗੀਆਂ ਸੋਹਣੀਆਂ ਜਨਾਨੀਆਂ ਨੂੰ ਮਾਤ ਦਿੰਦਾਂ ਸੀ । ਉਹਦੀ ਮੇਰੀ ਦਾਦੀ ਨਾਲ ਬੜੀ ਬਣਦੀ ਸੀ। ਹਫਤੇ ’ਚ ਚਾਰ ਪੰਜ ਵਾਰ ਤਾਂ ਉਹਨੇਂ ਆਉਣਾ ਹੀ ਹੁੰਦਾ ਸੀ ਸਾਡੇ ਘਰ। ਜਦ ਵੀ ਆਉਂਦੀ ਕਈ -ਕਈ ਘੰਟੇ ਮੇਰੀ ਬੇਬੇ ਤੇ ਬੀਬੀ ਸੀਬੋ ਵਿਹੜੇ ’ਚ ਲੱਗੇ ਇਮਲੀ ਦੇ ਦਰੱਖਤ ਥੱਲੇ ਬੈਠੀਆਂ ਦੁੱਖ-ਸੁੱਖ ਕਰਦੀਆਂ ਰਹਿੰਦੀਆਂ। ਬੀਬੀ ਸੀਬੋ ਦੇ ਤਿੰਨ ਪੁੱਤਰ ਸੀ। ਤਿੰਨਾਂ ਦਾ ਕੰਮਕਾਰ ਬਾਹਵਾ ਵਧੀਆ ਹੋਣ ਕਰਕੇ ਮੈਂ ਬੀਬੀ ਸੀਬੋ ਨੂੰ ਕਦੇ ਕਿਸੇ ਦੇ ਘਰ ਕੰਮਕਾਜ ਕਰਦੇ ਨਹੀਂ ਸੀ ਵੇਖਿਆ ਕਦੇ। ਉਹਦਾ ਸਭ ਤੋਂ ਛੋਟਾ ਪੁੱਤਰ ਫੌਜੀ ਸੀ, ਜਿਹੜਾ ਕਦੇ-ਕਦੇ ਹੀ ਛੁੱਟੀ ਆਉਂਦਾ, ਤਾਹੀਓਂ ਬੀਬੀ ਸੀਬੋ ਉਸੇ ਨੂੰਹ ਨਾਲ ਰਹਿੰਦੀ ਸੀ। ਉਹਦੇ ਵੱਡੇ ਦੋਵੇਂ ਪੁੱਤਰ ਵੀ ਉਹਦਾ ਬੜਾ ਮੋਹ ਕਰਦੇ ਸੀ। ਉਹਨੂੰ ਹੱਥ -ਪੈਰ ਧਰਨ ਵਗੈਰਾ ਇਹੋ ਜਿਹਾ ਕੁੱਝ ਮਲਣ ਦੇ ਬੜੇ ਹੁਨਰ ਆਉਂਦੇ ਹੋਣ ਕਰਕੇ ਮੇਰੀ ਮਾਂ ਹੁਣਾਂ ਨੇਂ ਕਦੀ ਬੀਬੀ ਸੀਬੋ ਤੋਂ ਸਿਰ ਨੂੰ ਤੇਲ ਲਵਾਉਣ ਬੈਠ ਜਾਣਾ ਕਦੀ ਉਹਨੇਂ ਧੱਕੇ ਨਾਲ ਹੀ ਲੱਤਾਂ ਮਲਣ ਬੈਠ ਜਾਣਾ, ਕਹਿਣਾ " ਕੁੜੀਆਂ ਇੰਨਾਂ ਕੰਮ ਕਰਦੀਆਂ ਨੇਂ , ਥਕਾਵਟ ਹੋ ਜਾਂਦੀ ਏ।
ਪੜ੍ਹੋ ਇਹ ਵੀ - ਮੇਰੇ ਪਿੰਡ ਦੇ ਲੋਕ : ਕਿਸ਼ਤ - 3
ਮੇਰਾ ਕੀ ਜਾਂਦਾ ਗੁਰਨਾਮ ਕੁਰੇ । ਬੜੇ ਮੋਹ ਜਿਹੇ ਨਾਲ ਬੋਲਦੀ ਇਹ ਗੱਲਾਂ ਉਹ । ਮੇਰੀ ਮਾਂ ਹੁਣਾਂ ਨੇ ਵੀ ਭੱਜਕੇ ਮਿਲਣਾ ਉਹਨੂੰ। ਉਹਨੇਂ ਜਦੋਂ ਆ ਜਾਣਾਂ ਤਾਂ ਚਾਹ ਤੋਂ ਲੈ ਕੇ ਰੋਟੀ ਤੱਕ ਮਾਂ ਅਤੇ ਤਾਈ ਨੇਂ ਖੁਆਕੇ ਹੀ ਤੋਰਨਾ ਬੀਬੀ ਨੂੰ। ਉਹਨੇਂ ਕਹਿਣਾ ," ਪੁੱਤਰ ਇਹੋ ਪਿਆਰ ਏ ਜਿਹੜਾ ਤੁਹਾਡੇ ਘਰ ਵੱਲ ਮੱਲੋ-ਮੱਲੀ ਖਿੱਚ ਲਿਆਉਂਦਾ। ਕਦੇ ਉਹਨੇਂ ਮਾਂ ਹੁਣਾਂ ਤੋਂ ਖੇਸ ਕਢਵਾ ਲੈਣੇਂ ਤੇ ਬੰਬਲ ਵੱਟਦੀ ਰਹਿਣਾਂ, ਕਦੀ ਰਜਾਈਆਂ ਦੇ ਧੋਤੇ ਸਾੜ ਚੜਾਕੇ ਉਨ੍ਹਾਂ ਨੂੰ ਸਿਓਂਦੀ ਹੋਣਾਂ। ਗੱਲ ਕੀ ਸਾਡੇ ਘਰ ਆਣਕੇ ਉਹਨੂੰ ਬੜੀ ਮੇਰ ਜਿਹੀ ਲੱਗਣੀ ਘਰ ਦੀ ਹਰੇਕ ਸ਼ੈਅ ’ਤੇ।
ਪੜ੍ਹੋ ਇਹ ਵੀ - ਮੇਰੇ ਪਿੰਡ ਦੇ ਲੋਕ - ਕਿਸ਼ਤ 2
ਦਾਦੀ ਦੀ ਸਹੇਲੀ ਹੋਣ ਕਰਕੇ ਮੇਰੇ ਪਿਓ ਹੁਣਾਂ ਵੀ ਵੀ ਬੜਾ ਮਾਣ ਕਰਨਾਂ ਬੀਬੀ ਦਾ। ਕਦੇ -ਕਦੇ ਕੋਈ ਗੱਲ ਹੋ ਜਾਂਦੀ ਘਰ ’ਚ ਤਾਂ ਉਹਨੇਂ ਮੇਰੀ ਦਾਦੀ ਨੂੰ ਕਹਿਣਾ ," ਗੁਰਨਾਮ ਕੁਰੇ ਇੰਨੀਂ ਨਾ ਤੱਤੀ ਹੋਇਆ ਕਰ, ਕੁੜੀਆਂ ਤਾਂ ਇੰਨੇਂ ਠੰਡੇ ਸੁਭਾਅ ਦੀਆਂ ਨੇਂ, ਸਾਰਾ ਦਿਨ ਹਸੂੰ-ਹਸੂੰ ਕਰਦੀਆਂ ਨੇਂ, ਰਤਾ ਕੰਮ ਨੂੰ ਮੱਥੇ ਵੱਟ ਨੀਂ ਪਾਉਂਦੀਆਂ। ਨੂੰਹਾਂ ਨੂੰ ਧੀਆਂ ਬਣਾਕੇ ਜਾਣੀਦਾ ਏ । ਇਸੇ ਲਈ ਮੇਰੀ ਮਾਂ ਹੁਣਾਂ ਨੇਂ ਜੇ ਕੋਈ ਗੱਲ ਹੋ ਜਾਣੀ ਦਾਦੀ ਨਾਲ ਤਾਂ ਬੀਬੀ ਸੀਬੋ ਕੋਲ ਸਿਫਾਰਸ਼ ਕਰਨੀ। ਉਹਨੇਂ ਕੰਮ ਕਰਦਿਆਂ ਵੀ 'ਵਾਹਿਗੁਰੂ -ਵਾਹਿਗੁਰੂ ਕਰਦੀ ਰਹਿਣਾ । ਮੇਰੇ ਵਿਆਹ ਤੱਕ ਇਸੇ ਤਰ੍ਹਾਂ ਲਗਾਤਾਰ ਉਹਨੂੰ ਇੰਝ ਹੀ ਵੇਖਿਆ । ਹੁਣ ਵੀ ਮੇਰੀ ਮਾਂ ਹੁਣਾਂ ਦੀ ਤਾਂ ਬੀਬੀ ਸੀਬੋ ਹੀ ਅੱਧੀ ਡਾਕਟਰ ਏ ।ਇੰਨੇਂ ਵਰ੍ਹਿਆਂ ’ਚ ਨਾ ਹੀ ੳਹਦੇ ਚਿਹਰੇ ਦਾ ਨੂਰ ਘਟਿਆ ਨਾ ਹੀ ਸਾਡੇ ਘਰ ਵਿੱਚ ਉਹਦਾ ਰੁਤਬਾ। ਜਿਓਂਦੀ ਰਹੇ ਨੇਕ ਜਿਹੀ ਉਹ ਰੂਹ।
ਪੜ੍ਹੋ ਇਹ ਵੀ - ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ (1)