ਇੰਤਕਾਲ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ, ਛੁੱਟੀ ਦੇ ਬਾਵਜੂਦ ਮੁਲਾਜ਼ਮ...
Sunday, Apr 20, 2025 - 02:46 PM (IST)

ਜਲੰਧਰ (ਚੋਪੜਾ)-ਐਡੀਸ਼ਨਲ ਚੀਫ਼ ਸੈਕਟਰੀ (ਏ. ਸੀ. ਏ.) ਰੈਵੇਨਿਊ ਪੰਜਾਬ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸ਼ਨੀਵਾਰ ਲਗਾਤਾਰ ਦੂਜੇ ਦਿਨ ਵੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਜ਼ਿਲ੍ਹੇ ਨਾਲ ਸਬੰਧਤ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ ਸਮੇਤ ਜ਼ਿਲ੍ਹਾ ਰੈਵੇਨਿਊ ਅਫ਼ਸਰ (ਡੀ. ਆਰ. ਓ.) ਸਾਰਾ ਦਿਨ ਜ਼ਿਲ੍ਹੇ ਨਾਲ ਸਬੰਧਤ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਬੈਠ ਕੇ ਇੰਤਕਾਲਾਂ ਦੀ ਪੈਂਡੈਂਸੀ ਨਿਪਟਾਉਂਦੇ ਰਹੇ। ਏ. ਸੀ. ਏ. ਵੱਲੋਂ 45 ਦਿਨਾਂ ਬਾਅਦ ਵਿਵਾਦ ਰਹਿਤ ਇੰਤਕਾਲਾਂ ਦੀ ਪੈਂਡੈਂਸੀ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ ਅਨੁਸਾਰ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ 30 ਅਪ੍ਰੈਲ ਤੱਕ ਜਿਨ੍ਹਾਂ ਇੰਤਕਾਲਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ, ਉਨ੍ਹਾਂ ਨੂੰ ਦਰਜ ਕਰਕੇ ਅਪਰੂਵਲ ਦੇਣ। ਏ. ਸੀ. ਏ. ਨੇ ਰੈਵੇਨਿਊ ਅਧਿਕਾਰੀਆਂ ਨੂੰ ਇਥੋਂ ਤਕ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਅਧਿਕਾਰੀ ਦੀ ਇੰਤਕਾਲ ਦੀ ਪੈਂਡੈਂਸੀ ਨੂੰ ਲੈ ਕੇ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਜੰਗ ਦਾ ਮੈਦਾਨ ਬਣੀ ਪੰਜਾਬ ਦੀ ਇਹ ਮੰਡੀ, ਚੱਲੇ ਤੇਜ਼ਧਾਰ ਹਥਿਆਰ, ਖ਼ੂਨ ਨਾਲ ਲਥਪਥ ਕੀਤੇ ਨੌਜਵਾਨ
ਏ. ਸੀ. ਏ. ਅਨੁਰਾਗ ਵਰਮਾ ਦੀ ਚਿਤਾਵਨੀ ਤੋਂ ਬਾਅਦ ਹਰਕਤ ਵਿਚ ਆਏ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਵਿਚ ਵੀ ਸਿਰਫ਼ ਇਕ ਦਿਨ ਵਿਚ 365 ਇੰਤਕਾਲਾਂ ਨੂੰ ਅਪਰੂਵਲ ਦਿੱਤੀ ਹੈ। ਜ਼ਿਲ੍ਹੇ ਦੇ ਪਟਵਾਰੀ ਆਪਣੀ ਆਈ. ਡੀ. ਵਿਚ 15 ਦਿਨਾਂ ਬਾਅਦ ਦੇ ਇੰਤਕਾਲਾਂ ਅਤੇ ਨਵੇਂ ਇੰਤਕਾਲਾਂ ਨੂੰ ਧੜਾਧੜ ਸਬੰਧਤ ਕਾਨੂੰਨਗੋਆਂ ਦੀ ਆਈ. ਡੀ. ਵਿਚ ਪਾਉਂਦੇ ਰਹੇ, ਉਥੇ ਹੀ ਕਾਨੂੰਨਗੋ ਆਪਣੀ ਆਈ. ਡੀ. ਵਿਚ ਮੌਜੂਦ ਨਵੇਂ ਇੰਤਕਾਲ ਅਤੇ 5 ਦਿਨਾਂ ਤੋਂ ਪੈਂਡਿੰਗ ਇੰਤਕਾਲਾਂ ਨੂੰ ਆਪਣੇ ਸਬੰਧਤ ਨਾਇਬ ਤਹਿਸੀਲਦਾਰ/ਤਹਿਸੀਲਦਾਰ ਦੀ ਆਈ. ਡੀ. ਵਿਚ ਭੇਜਦੇ ਰਹੇ ਅਤੇ ਆਖਿਰ ਵਿਚ ਇਲਾਕੇ ਦੇ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਰੈਵੇਨਿਊ ਰਿਕਾਰਡ ਦੀ ਜਾਂਚ ਕਰਕੇ ਉਨ੍ਹਾਂ ਦੀ ਆਈ. ਡੀ. ਵਿਚ ਆਏ ਇੰਤਕਾਲਾਂ ਨੂੰ ਦਰਜ ਕਰਕੇ ਅਪਰੂਵਲ ਦੇਣ ਵਿਚ ਜੁਟੇ ਰਹੇ। ਇਸ ਦੇ ਬਾਵਜੂਦ 19 ਅਪ੍ਰੈਲ ਤਕ ਜ਼ਿਲ੍ਹੇ ਦੇ ਸਾਰੇ ਸਰਕਲਾਂ ਦੇ ਪਟਵਾਰੀਆਂ ਦੀ ਆਈ. ਡੀ. ਵਿਚ 1346 ਅਤੇ ਸਾਰੇ ਸਰਕਲ ਕਾਨੂੰਨਗੋਆਂ ਦੀ ਆਈ. ਡੀ. ਵਿਚ 1414 ਅਤੇ ਸਾਰੇ ਨਾਇਬ ਤਹਿਸੀਲਦਾਰਾਂ ਅਤੇ ਜ਼ਿਲ੍ਹੇ ਵਿਚ ਤਾਇਨਾਤ ਇਕਲੌਤੇ ਤਹਿਸੀਲਦਾਰ ਦੀ ਆਈ. ਡੀ. ਵਿਚ ਪੈਂਡਿੰਗ ਇੰਤਕਾਲ 1601 ਤੋਂ ਘਟ ਕੇ 1236 ਰਹਿ ਗਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਗ੍ਰਿਫ਼ਤਾਰ ਹੈਪੀ ਪਾਸੀਆ ਬਾਰੇ ਵੱਡੇ ਖ਼ੁਲਾਸੇ, ਮਾਂ ਤੇ ਭੈਣ ਬਾਰੇ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਉਥੇ ਹੀ ਸ਼ਨੀਵਾਰ ਜ਼ਿਲ੍ਹਾ ਰੈਵੇਨਿਊ ਅਫ਼ਸਰ ਨਵਦੀਪ ਸਿੰਘ ਭੋਗਲ ਹਰਕਤ ਵਿਚ ਆਉਂਦਿਆਂ ਇੰਤਕਾਲ ਦੀ ਪੈਂਡੈਂਸੀ ਨੂੰ ਕਲੀਅਰ ਕਰਨ, ਨਵੇਂ ਕੁਲੈਕਟਰ ਰੇਟਾਂ ਵਿਚ ਸੋਧ, ਪ੍ਰਾਪਰਟੀ ਦਾ ਰੈਵੇਨਿਊ ਰਿਕਾਰਡ ਕੰਪਿਊਟਰਾਈਜ਼ਡ ਕਰਨ ਸਮੇਤ ਹੋਰਨਾਂ ਕੰਮਾਂ ਦੀ ਨਿਗਰਾਨੀ ਕਰਨ ਨੂੰ ਲੈ ਕੇ ਪੂਰਾ ਦਿਨ ਸਬ-ਰਜਿਸਟਰਾਰ ਬਿਲਡਿੰਗ ਅਤੇ ਤਹਿਸੀਲ ਕੰਪਲੈਕਸ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲੈਂਦੇ ਰਹੇ ਪਰ ਜੋ ਵੀ ਹੋਵੇ, ਜਿਹੜੇ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ 2 ਦਿਨ ਪਹਿਲਾਂ ਤਕ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਠੇਂਗੇ ’ਤੇ ਰੱਖਦੇ ਸਨ ਅਤੇ ਆਪਣੀ ਮਨਮਰਜ਼ੀ ਮੁਤਾਬਕ ਇੰਤਕਾਲ ਅਤੇ ਰੈਵੇਨਿਊ ਵਿਭਾਗ ਨਾਲ ਸਬੰਧਤ ਕੰਮ ਕਰਦੇ ਵਿਖਾਈ ਦਿੰਦੇ ਸਨ, ਇੰਨਾ ਹੀ ਨਹੀਂ, ਕਈ ਪਟਵਾਰੀ ਅਤੇ ਕਾਨੂੰਨਗੋ ਅਜਿਹੇ ਵੀ ਰਹੇ, ਜਿਹੜੇ ਸਰਕਾਰੀ ਕੰਮਕਾਜੀ ਦਿਨ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ ਅਤੇ ਅਕਸਰ ਡਿਊਟੀ ਵਿਚ ਕੋਤਾਹੀ ਵਰਤਦੇ ਰਹਿੰਦੇ ਸਨ, ਅਜਿਹੇ ਪਟਵਾਰੀਆਂ ਅਤੇ ਕਾਨੂੰਨਗੋਆਂ ਦੀ ਹਾਲਤ ਅੱਜ ਪਤਲੀ ਬਣੀ ਹੋਈ ਹੈ ਅਤੇ ਏ. ਸੀ. ਏ. ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੇ ਹੱਥ-ਪੈਰ ਫੁੱਲੇ ਹੋਏ ਹਨ। ਰੈਵੇਨਿਊ ਵਿਭਾਗ ਨਾਲ ਸਬੰਧਤ ਉਕਤ ਅਧਿਕਾਰੀ ਸਾਰਾ ਦਿਨ ਇੰਤਕਾਲਾਂ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਛਾਣਦੇ ਵਿਖਾਈ ਦਿੰਦੇ ਹਨ ਅਤੇ ਆਪਣੀ ਕਾਰਵਾਈ ਨੂੰ ਪੂਰਾ ਕਰਕੇ ਦਸਤਾਵੇਜ਼ਾਂ ਦੇ ਬੰਡਲ ਆਪਣੇ ਉੱਚ ਅਧਿਕਾਰੀ ਦੇ ਹਵਾਲੇ ਕਰਨ ਵਿਚ ਤਨਦੇਹੀ ਨਾਲ ਜੁਟੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਸ ASI ਤੇ ਹੌਲਦਾਰ 'ਤੇ ਡਿੱਗੀ ਗਾਜ, ਹੋ ਗਿਆ ਵੱਡਾ ਐਕਸ਼ਨ
ਰੈਵੇਨਿਊ ਅਧਿਕਾਰੀ ਖ਼ੌਫ਼ਜ਼ਦਾ, ਕਿਤੇ ਤਹਿਸੀਲਦਾਰਾਂ ਤੋਂ ਰਜਿਸਟਰੀ ਦਾ ਕੰਮ ਵਾਪਸ ਲੈਣ ਵਰਗੇ ਕੋਈ ਹੁਕਮ ਉਨ੍ਹਾਂ ’ਤੇ ਨਾ ਲਾਗੂ ਹੋ ਜਾਵੇ
ਐਡੀਸ਼ਨਲ ਚੀਫ਼ ਸੈਕਟਰੀ ਅਨੁਰਾਗ ਵਰਮਾ ਵੱਲੋਂ ਇੰਤਕਾਲਾਂ ਦੀ ਪੈਂਡੈਂਸੀ ਨੂੰ ਲੈ ਕੇ ਸੂਬੇ ਭਰ ਦੇ ਰੈਵੇਨਿਊ ਅਧਿਕਾਰੀਆਂ ਨੂੰ ਦਿੱਤੀ ਗਈ ਚਿਤਾਵਨੀ ਕਾਰਨ ਹਰੇਕ ਰੈਵੇਨਿਊ ਅਧਿਕਾਰੀ ਖ਼ੌਫ਼ਜ਼ਦਾ ਹਨ। ਉਨ੍ਹਾਂ ਨੂੰ ਡਰ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਬੀਤੇ ਕੁਝ ਮਹੀਨਿਆਂ ਤੋਂ ਇੰਤਕਾਲ ਦੀ ਪੈਂਡੈਂਸੀ ਖਤਮ ਕਰਨ ਨੂੰ ਲੈ ਕੇ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ। ਜੇਕਰ ਉਨ੍ਹਾਂ ਦੀ ਸਖ਼ਤ ਚਿਤਾਵਨੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੀ ਭਰੋਸਾ। ਕਿਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਨ੍ਹਾਂ ਖ਼ਿਲਾਫ਼ ਵੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਕੀਤੀ ਗਈ ਇਤਿਹਾਸਕ ਕਾਰਵਾਈ ਵਾਂਗ ਕੋਈ ਚਿੰਤਾਜਨਕ ਕਾਰਵਾਈ ਨੂੰ ਹੀ ਨਾ ਲਾਗੂ ਕਰ ਦੇਣ। ਇਸੇ ਕਰਕੇ ਸਾਰੇ ਰੈਵੇਨਿਊ ਅਧਿਕਾਰੀ ਇਕ ਤਰ੍ਹਾਂ ਨਾਲ ਸਿਰ ਸੁੱਟ ਕੇ ਇੰਤਕਾਲਾਂ ਨੂੰ ਅਪਰੂਵਲ ਦੇਣ ਦੇ ਕੰਮ ਵਿਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਮਿਲੀ ਵੱਡੀ ਚਿਤਾਵਨੀ, ਜੇਕਰ ਕੀਤਾ ਇਹ ਕੰਮ ਤਾਂ...
ਪੰਜਾਬ ਭਰ ਵਿਚ ਸਰਕਾਰੀ ਛੁੱਟੀ ਦੇ ਬਾਵਜੂਦ 2 ਦਿਨਾਂ ਵਿਚ 1926 ਇੰਤਕਾਲਾਂ ਨੂੰ ਮਿਲੀ ਅਪਰੂਵਲ
ਐਡੀਸ਼ਨਲ ਚੀਫ਼ ਸੈਕਟਰੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਭਰ ਦੇ ਸਰਕਲ ਰੈਵੇਨਿਊ ਅਧਿਕਾਰੀਆਂ ਦੀ ਆਈ. ਡੀ. ਵਿਚ 45 ਦਿਨਾਂ ਦੀ ਸਮਾਂਹੱਦ ਤੋਂ ਬਾਅਦ ਵੀ ਪੈਂਡਿੰਗ ਚੱਲ ਰਹੇ 1926 ਇੰਤਕਾਲਾਂ ਨੂੰ ਅਪਰੂਵਲ ਦਿੱਤੀ ਗਈ ਹੈ। ਅਨੁਰਾਗ ਵਰਮਾ ਦੇ ਹੁਕਮਾਂ ਦੌਰਾਨ 17 ਅਪ੍ਰੈਲ ਨੂੰ ਸੂਬੇ ਭਰ ਦੇ ਸਰਕਲ ਰੈਵੇਨਿਊ ਅਧਿਕਾਰੀਆਂ ਦੀ ਆਈ. ਡੀ. ਵਿਚ ਡਿਲੇਅ ਕੀਤੇ ਜਾ ਰਹੇ ਪੈਂਡਿੰਗ ਇੰਤਕਾਲਾਂ ਦੀ ਗਿਣਤੀ 17789 ਸਨ, ਜੋਕਿ 19 ਅਪ੍ਰੈਲ ਨੂੰ ਘਟ ਕੇ 15863 ਤਕ ਪਹੁੰਚ ਗਈ। ਸੂਬੇ ਭਰ ਵਿਚ ਪਟਵਾਰੀਆਂ ਦੀ ਆਈ. ਡੀ. ਵਿਚ 2 ਦਿਨ ਪਹਿਲਾਂ ਤਕ 31072 ਦੀ ਪੈਂਡੈਂਸੀ ਘਟ ਕੇ 29006 ਅਤੇ ਕਾਨੂੰਨਗੋਆਂ ਦੀ ਆਈ. ਡੀ. ਵਿਚ 21413 ਦੀ ਪੈਂਡੈਂਸੀ ਘਟ ਕੇ 21682 ਤਕ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਇਆ ਵੱਡਾ ਖ਼ਤਰਾ! ਅਚਾਨਕ ਆ ਖੜ੍ਹੀ ਹੋਈ ਨਵੀਂ ਮੁਸੀਬਤ
ਜਲੰਧਰ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ 19 ਅਪ੍ਰੈਲ ਨੂੰ ਪੈਂਡਿੰਗ ਇੰਤਕਾਲਾਂ ਦਾ ਵੇਰਵਾ
1. ਜਲੰਧਰ ਤਹਿਸੀਲ-1 ਵਿਚ 491 ਇੰਤਕਾਲ
2. ਜਲੰਧਰ ਤਹਿਸੀਲ-2 ਵਿਚ 219 ਇੰਤਕਾਲ
3. ਗੁਰਾਇਆ ਵਿਚ 23 ਇੰਤਕਾਲ
4. ਫਿਲੌਰ ਵਿਚ 56 ਇੰਤਕਾਲ
5. ਨੂਰਮਹਿਲ ਵਿਚ 92 ਇੰਤਕਾਲ
6. ਨਕੋਦਰ ਵਿਚ 92 ਇੰਤਕਾਲ
7. ਆਦਮਪੁਰ ਵਿਚ 12 ਇੰਤਕਾਲ
8. ਕਰਤਾਰਪੁਰ ਵਿਚ 29 ਇੰਤਕਾਲ
9. ਸ਼ਾਹਕੋਟ ਵਿਚ 78 ਇੰਤਕਾਲ
10. ਭੋਗਪੁਰ ਵਿਚ 25 ਇੰਤਕਾਲ
11. ਲੋਹੀਆਂ ਵਿਚ 22 ਇੰਤਕਾਲ
12. ਮਹਿਤਪੁਰ ਵਿਚ 25 ਇੰਤਕਾਲ
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਸ਼ਰਮਸਾਰ ਕਰਦੀ ਘਟਨਾ! ਹੋਟਲ 'ਚ ਲਿਜਾ ਕੁੜੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e