ਮਾਛੀਵਾੜਾ : ਮੁਸਲਿਮ ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਹਿੰਦੂ ਕੁੜੀ ਦਾ ਕੀਤਾ ਕੰਨਿਆਦਾਨ

Tuesday, Jun 02, 2020 - 01:42 PM (IST)

ਮਾਛੀਵਾੜਾ : ਮੁਸਲਿਮ ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਹਿੰਦੂ ਕੁੜੀ ਦਾ ਕੀਤਾ ਕੰਨਿਆਦਾਨ

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਹੋਈ ਤਾਲਾਬੰਦੀ ਨਾਲ ਜਿੱਥੇ ਸਾਦੇ ਵਿਆਹ ਤਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਉਥੇ ਅੱਜ ਇੱਕ ਅਜਿਹਾ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿੱਥੇ ਇੱਕ ਮੁਸਲਿਮ ਪਰਿਵਾਰ ਵਲੋਂ ਹਿੰਦੂ ਲੜਕੀ ਦਾ ਕੰਨਿਆਦਾਨ ਕਰਕੇ ਵੱਖਰੀ ਮਿਸਾਲ ਪੇਸ਼ ਕੀਤੀ ਗਈ, ਉੱਥੇ ਹੀ ਲੋਕਾਂ 'ਚ ਵੀ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦਾ ਇੱਕ ਚੰਗਾ ਸੁਨੇਹਾ ਗਿਆ।
 ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਵਿਖੇ ਇੱਕ ਹਿੰਦੂ ਕੁੜੀ ਪੂਜਾ, ਜਿਸ ਦੇ ਮਾਤਾ-ਪਿਤਾ ਤਾਲਾਬੰਦੀ ਕਾਰਨ ਮੁਰਾਦਾਬਾਦ (ਯੂ.ਪੀ.) 'ਚ ਫਸ ਗਏ ਸਨ ਪਰ ਉਹ ਆਪ ਇੱਥੇ ਆਪਣੇ ਪਿਤਾ ਦੇ ਕਰੀਬੀ ਮੁਸਲਿਮ ਪਰਿਵਾਰ ਨਾਲ ਰਹਿ ਰਹੀ ਸੀ। ਹਿੰਦੂ ਕੁੜੀ ਪੂਜਾ ਦੀ ਮੰਗਣੀ ਤਾਲਾਬੰਦੀ ਤੋਂ ਪਹਿਲਾਂ ਨੇੜਲੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਸੋਨੂੰ ਨਾਲ ਤੈਅ ਹੋਈ ਸੀ। ਵਿਆਹ ’ਚ ਇਸ ਕਾਰਨ ਦੇਰੀ ਹੋਈ ਕਿ ਕੁੜੀ ਦੇ ਮਾਤਾ-ਪਿਤਾ ਤਾਲਾਬੰਦੀ ਕਾਰਨ ਯੂ. ਪੀ. 'ਚ ਫਸੇ ਹੋਏ ਸਨ। ਅਖੀਰ ਪੂਜਾ ਦੇ ਪਿਤਾ ਵਰਿੰਦਰ ਨੇ ਇਹ ਫੈਸਲਾ ਕੀਤਾ ਕਿ ਵਿਆਹ ’ਚ ਦੇਰੀ ਨਾ ਕੀਤੀ ਜਾਵੇ, ਜਿਸ ਤਹਿਤ ਉਨ੍ਹਾਂ ਨੇ ਭੱਟੀਆਂ ਵਿਖੇ ਰਹਿੰਦੇ ਕਰੀਬੀ ਮੁਸਲਿਮ ਪਰਿਵਾਰ ਦੇ ਮੁਖੀ ਸਾਜਿਦ ਅਤੇ ਉਸਦੀ ਪਤਨੀ ਸੋਨੀਆ ਨੂੰ ਆਪਣੀ ਧੀ ਦਾ ਕੰਨਿਆਦਾਨ ਕਰਕੇ ਵਿਦਾ ਕਰਨ ਦਾ ਫੈਸਲਾ ਲਿਆ।
 ਅੱਜ ਪਿੰਡ ਭੱਟੀਆਂ ਵਿਖੇ ਬੜੇ ਸਾਦੇ ਢੰਗ ਨਾਲ ਹਿੰਦੂ ਪਰਿਵਾਰ ਨਾਲ ਸਬੰਧਿਤ ਪੂਜਾ ਤੇ ਸੋਨੂੰ ਦਾ ਵਿਆਹ ਹੋਇਆ। ਪੰਡਿਤ ਨੇ ਮੰਤਰਾਂ ਦਾ ਉਚਾਰਨ ਕਰਕੇ ਅਗਨੀ ਦੇ ਫੇਰੇ ਦਿਵਾਏ ਪਰ ਨਵੀਂ ਮਿਸਾਲ ਪੈਦਾ ਕਰਦਿਆਂ ਮੁਸਲਿਮ ਪਰਿਵਾਰ ਸਾਜਿਦ ਤੇ ਸੋਨੀਆ ਨੇ ਪੂਜਾ ਦਾ ਕੰਨਿਆਦਾਨ ਕੀਤਾ ਅਤੇ ਹਿੰਦੂ ਧਰਮ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਕੰਨਿਆਦਾਨ ਕਰਕੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਸਾਜਿਦ ਨੇ ਕਿਹਾ ਕਿ ਪੂਜਾ ਉਸ ਨੂੰ ਆਪਣਾ ਮਾਮਾ ਸਮਝਦੀ ਹੈ ਅਤੇ ਉਹ ਬੜਾ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਸ ਨੇ ਇੱਕ ਹਿੰਦੂ ਕੁੜੀ ਦਾ ਕੰਨਿਆਦਾਨ ਕਰਕੇ ਧਾਰਮਿਕ ਭਾਈਚਾਰਕ ਸਾਂਝ ਦੀ ਮਿਸਾਲ ਦਿੱਤੀ। ਸਾਜਿਦ ਨੇ ਦੱਸਿਆ ਕਿ ਬੇਸ਼ੱਕ ਪੂਜਾ ਨਾਲ ਉਸ ਦਾ ਖੂਨ ਦਾ ਰਿਸ਼ਤਾ ਨਹੀਂ ਪਰ ਇਨਸਾਨੀਅਤ ਸਮਝਦੇ ਹੋਏ ਉਨ੍ਹਾਂ ਆਪਣੇ ਦੋਸਤ ਦੀ ਪੁੱਤਰੀ ਦਾ ਕੰਨਿਆਦਾਨ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ। ਦੂਸਰੇ ਪਾਸੇ ਪੂਜਾ ਨੇ ਵੀ ਕਿਹਾ ਕਿ ਬੇਸ਼ੱਕ ਇਸ ਵਿਆਹ ਸਮਾਰੋਹ ’ਚ ਉਸਦੇ ਮਾਪੇ ਸ਼ਾਮਲ ਨਹੀਂ ਹੋ ਸਕੇ ਪਰ ਉਸ ਦੇ ਮਾਮਾ-ਮਾਮੀ ਸਾਜਿਦ ਤੇ ਸੋਨੀਆ ਨੇ ਕੰਨਿਆਦਾਨ ਕਰਕੇ ਉਨ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ।


author

Babita

Content Editor

Related News