ਫੰਡਾਂ ਦੀ ਘਾਟ ਕਾਰਨ 8 ਸਾਲਾਂ ਤੋਂ ਲਟਕਿਆ ਹੈ ਖਟਕੜ ਕਲਾਂ ਦਾ ਮਿਊਜ਼ੀਅਮ

09/29/2017 1:53:30 AM

ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 8 ਸਾਲਾਂ ਤੋਂ ਬਣਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਮਿਊਜ਼ੀਅਮ ਦਾ ਕੰਮ ਫੰਡ ਰਿਲੀਜ਼ ਨਾ ਹੋਣ ਕਾਰਨ ਲਟਕਿਆ ਪਿਆ ਹੈ। ਸ਼ਤਾਬਦੀ ਸਮਾਰੋਹ ਤਹਿਤ ਸਾਲ 2009 ਵਿਚ ਕਾਂਗਰਸ ਸਰਕਾਰ ਦੇ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਦੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਸੀ। 16.80 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਮਿਊਜ਼ੀਅਮ 22 ਮਹੀਨਿਆਂ 'ਚ ਤਿਆਰ ਹੋਣਾ ਸੀ ਪਰ 8 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਦਾ ਨਿਰਮਾਣ ਕੰਮ ਫੰਡਾਂ ਦੀ ਘਾਟ ਕਾਰਨ ਲਟਕਿਆ ਪਿਆ ਹੈ।
ਲਾਈਵ ਘਟਨਾਵਾਂ ਦੇਖਣ ਦਾ ਹੋਵੇਗਾ ਪ੍ਰਬੰਧ
ਮਿਊਜ਼ੀਅਮ 'ਚ ਆਡੀਓ-ਵਿਜ਼ੁਅਲ ਇਫੈਕਟਸ, ਲਾਈਟ ਐਂਡ ਸਾਊਂਡ ਇਫੈਕਟਸ ਤੇ ਚਿੱਤਰਾਂ ਤੇ ਸਟਰੱਕਚਰ ਰਾਹੀਂ ਦਰਸਾਇਆ ਜਾਣਾ ਹੈ, ਜਿਸ ਨਾਲ ਦਰਸ਼ਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਹ ਘਟਨਾਵਾਂ ਨੂੰ ਆਪਣੇ ਸਾਹਮਣੇ ਹੁੰਦਾ ਦੇਖ ਰਹੇ ਹਨ। ਮਿਊਜ਼ੀਅਮ ਦੇ ਪ੍ਰਵੇਸ਼ ਦੁਆਰ ਤੋਂ ਅੱਗੇ ਵਧਣ 'ਤੇ ਦਰਸ਼ਕ ਸ਼ਹੀਦ ਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਨੂੰ ਲਾਈਵ ਦੇਖ ਸਕਣਗੇ, ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਪੜ੍ਹਾਈ ਤੱਕ ਦੇ ਚਿੱਤਰ, ਜਲਿਆਂਵਾਲਾ ਬਾਗ ਕਾਂਡ, ਸ਼ਹੀਦ ਦੇ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਣ, ਸਾਂਡਰਸ ਕਤਲ ਕਾਂਡ, ਅਸੈਂਬਲੀ ਬੰਬ ਕਾਂਡ, ਸ਼ਹੀਦ ਭਗਤ ਸਿੰਘ ਦੀ ਗ੍ਰਿਫਤਾਰੀ, ਜੇਲ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਵਰਗੇ ਚਿੱਤਰ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਮਿਊਜ਼ੀਅਮ 'ਚ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਨਾਲ ਜੁੜੀਆਂ ਨਿਸ਼ਾਨੀਆਂ ਨੂੰ ਵੀ ਰੱਖਣ ਦਾ ਪ੍ਰਸਤਾਵ ਹੈ।
1.6 ਕਰੋੜ ਰੁਪਏ ਰਿਲੀਜ਼ ਹੋਣੇ ਬਾਕੀ
ਮਿਊਜ਼ੀਅਮ ਦੇ ਢਾਂਚੇ ਦੇ ਨਿਰਮਾਣ ਦੇ ਨਾਲ-ਨਾਲ ਲੱਕੜ ਦਾ ਕੰਮ ਵੀ ਵਧੇਰੇ ਪੂਰਾ ਕਰ ਲਿਆ ਗਿਆ ਹੈ, ਜਦੋਂਕਿ ਫਰਸ਼ ਤੇ ਪੇਂਟ ਦਾ ਕੰਮ ਅਜੇ ਅਧੂਰਾ ਹੈ, ਜਿਸ ਦਾ ਮੁੱਖ ਕਾਰਨ ਫੰਡਾਂ ਦੀ ਘਾਟ ਹੈ। ਪ੍ਰਾਜੈਕਟ ਦਾ ਕੰਮ ਦੇਖ ਰਹੀ ਮਾਰਕਫੈੱਡ ਐਗਜ਼ੀਕਿਊਟਿਵ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਚ 2015 'ਚ ਦੂਜੇ ਪੜਾਅ ਤਹਿਤ 5.53 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ ਪਰ ਅਜੇ ਵੀ ਮਨਜ਼ੂਰ ਰਾਸ਼ੀ ਦੇ 1.6 ਕਰੋੜ ਰੁਪਏ ਰਿਲੀਜ਼ ਹੋਣੇ ਬਾਕੀ ਹਨ। ਏਜੰਸੀ ਦੇ ਇੰਜੀਨੀਅਰ ਸ਼ਿਵ ਚਰਨ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਬਾਕੀ ਰਾਸ਼ੀ ਅੱਜ ਰਿਲੀਜ਼ ਹੋ ਜਾਂਦੀ ਹੈ ਤਾਂ ਮਿਊਜ਼ੀਅਮ ਦਾ ਕੰਮ ਦਸੰਬਰ ਤੱਕ ਪੂਰਾ ਕੀਤਾ ਜਾ ਸਕਦਾ ਹੈ।


Related News