4 ਸਾਲਾ ਬੱਚੀ ਦਾ ਵੱਢਿਆ ਸੀ ਗਲਾ, ਆਖਰੀ ਸਾਹ ਤੱਕ ਜੇਲ ''ਚ ਸੜੇਗਾ ਕਾਤਲ

Friday, Sep 13, 2019 - 04:34 PM (IST)

4 ਸਾਲਾ ਬੱਚੀ ਦਾ ਵੱਢਿਆ ਸੀ ਗਲਾ, ਆਖਰੀ ਸਾਹ ਤੱਕ ਜੇਲ ''ਚ ਸੜੇਗਾ ਕਾਤਲ

ਚੰਡੀਗੜ੍ਹ (ਸੰਦੀਪ) : ਚਾਰ ਸਾਲ ਦੀ ਮਾਸੂਮ ਬੱਚੀ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਇੰਡਸਟਰੀਅਲ ਏਰੀਆ ਸਥਿਤ ਸੰਜੇ ਕਾਲੋਨੀ ਨਿਵਾਸੀ ਕਮਲੇਸ਼ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜ਼ਾ ਸੁਣਾਈ ਹੈ। ਦੋਸ਼ੀ ਕਮਲੇਸ਼ ਨੂੰ ਮਰਨ ਤੱਕ ਜੇਲ 'ਚ ਹੀ ਰਹਿਣਾ ਹੋਵੇਗਾ। ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੇ ਬੇਰਹਿਮੀ ਨਾਲ ਮਾਸੂਮ ਬੱਚੀ ਦਾ ਕਤਲ ਕੀਤਾ ਹੈ। ਹਾਲਾਂਕਿ ਉਸ 'ਤੇ ਪਹਿਲਾਂ ਕੋਈ ਅਪਰਾਧਿਕ ਕੇਸ ਨਹੀਂ ਹੈ ਪਰ ਉਸ ਨੇ ਬੇਹੱਦ ਗੰਭੀਰ ਅਪਰਾਧ ਕੀਤਾ ਹੈ, ਜਿਸ ਕਾਰਨ ਉਹ ਕਿਸੇ ਵੀ ਤਰ੍ਹਾਂ ਦੇ ਤਰਸ ਦਾ ਪਾਤਰ ਨਹੀਂ ਹੈ। ਸਜ਼ਾ ਦੇ ਨਾਲ ਹੀ ਅਦਾਲਤ ਨੇ ਦੋਸ਼ੀ 'ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਕਮਲੇਸ਼ ਨੂੰ ਕੇਸ 'ਚ 30 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ 25 ਫਰਵਰੀ, 2018 ਨੂੰ ਮਾਸੂਮ ਬੱਚੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਬੇਟੀ ਨੂੰ ਫੜ੍ਹ ਕੇ ਗਲਾ ਵੱਢ ਰਿਹਾ ਸੀ ਗੁਆਂਢੀ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਸੂਮ ਬੱਚੀ ਦੇ ਪਿਤਾ ਮਨੂੰ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਨਾਲ ਇੰਡਸਟਰੀਅਲ ਏਰੀਆ ਸਥਿਤ ਸੰਜੇ ਕਾਲੋਨੀ 'ਚ ਰਹਿ ਰਿਹਾ ਹੈ। 25 ਫਰਵਰੀ, 2018 ਨੂੰ ਦੁਪਹਿਰ ਦੇ ਸਮੇਂ ਉਹ ਆਪਣੇ ਘਰ ਸੁੱਤਾ ਪਿਆ ਸੀ। ਇਸ ਦੌਰਾਨ ਉਸ ਦੀ ਬੇਟੀ ਉਜਾਲਾ (4) ਘਰ ਦੇ ਬਾਹਰ ਹੀ ਬੱਚਿਆਂ ਨਾਲ ਖੇਡ ਰਹੀ ਸੀ। ਇਸ ਦੌਰਾਨ ਉਸ ਨੇ ਅਚਾਨਕ ਹੀ ਘਰ ਦੇ ਬਾਹਰ ਰੌਲਾ ਸੁਣਿਆ ਅਤੇ ਉਹ ਘਰ ਬਾਹਰ ਆਇਆ। ਉਸ ਨੇ ਵੇਖਿਆ ਕਿ ਉਸ ਦੇ ਹੀ ਗੁਆਂਢ 'ਚ ਰਹਿਣ ਵਾਲੇ ਕਮਲੇਸ਼ ਨੇ ਉਨ੍ਹਾਂ ਦੀ ਬੇਟੀ ਉਜਾਲਾ ਦਾ ਕਾਲਰ ਫੜ੍ਹਿਆ ਹੋਇਆ ਹੈ ਅਤੇ ਆਪਣੇ ਹੱਥ 'ਚ ਲਈ ਹੋਈ ਦਾਤੀ ਨਾਲ ਉਹ ਬੱਚੀ ਦਾ ਗਲਾ ਵੱਢ ਰਿਹਾ ਹੈ। ਇਹ ਵੇਖ ਉਹ ਜ਼ੋਰ-ਜ਼ੋਰ ਨਾਲ ਚੀਕਣ ਲੱਗਾ ਅਤੇ ਕਮਲੇਸ਼ ਨੂੰ ਉਸ ਦੀ ਬੱਚੀ ਨੂੰ ਛੱਡਣ ਲਈ ਕਹਿਣ ਲੱਗਾ। ਉਸ ਨੇ ਆਪਣੀ ਬੇਟੀ ਨੂੰ ਕਮਲੇਸ਼ ਤੋਂ ਛੁਡਵਾਇਆ। ਲਹੁ-ਲੂਹਾਨ ਹਾਲਤ 'ਚ ਉਜਾਲਾ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮਨੂ ਦੀ ਸ਼ਿਕਾਇਤ 'ਤੇ ਕਮਲੇਸ਼ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਮਾਰ ਕੇ ਬੋਲਿਆ, ਮੇਰੇ 'ਚ ਮਾਤਾ ਆ ਗਈ ਸੀ
ਪੁਲਸ ਜਾਂਚ ਦੌਰਾਨ ਉਸ ਨੇ ਦੱਸਿਆ ਸੀ ਕਿ ਵਾਰਦਾਤ ਦੇ ਸਮੇਂ ਅਚਾਨਕ ਹੀ ਉਸ 'ਚ ਮਾਤਾ ਆਈ ਸੀ, ਜਿਸ ਕਾਰਨ ਹੀ ਉਸ ਨੇ ਬੱਚੀ ਦਾ ਗਲਾ ਵੱਢ ਦਿੱਤਾ ਸੀ।


author

Babita

Content Editor

Related News