ਆਪਣੀ ਹੀ ਧੀ ਦਾ ਕਤਲ ਕਰ ਕੇ ਰਾਤੋ-ਰਾਤ ਕੀਤਾ ਸਸਕਾਰ

Sunday, Apr 26, 2020 - 09:38 PM (IST)

ਆਪਣੀ ਹੀ ਧੀ ਦਾ ਕਤਲ ਕਰ ਕੇ ਰਾਤੋ-ਰਾਤ ਕੀਤਾ ਸਸਕਾਰ

ਗੜ੍ਹਸ਼ੰਕਰ, (ਸ਼ੋਰੀ)— ਇੱਥੋਂ ਦੇ ਪਿੰਡ ਸੌਲੀ ਦੀ ਇਕ ਲੜਕੀ ਦਾ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੇਰ ਰਾਤ ਆਪਣੀ ਅਣਖ ਦੀ ਖਾਤਰ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਇੰਚਾਰਜ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਦਾ ਬੀਤੀ ਰਾਤ ਉਸ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਲਾਸ਼ ਦਾ ਰਾਤੋ ਰਾਤ ਸਸਕਾਰ ਵੀ ਕਰ ਦਿੱਤਾ ਹੈ। ਥਾਣਾ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ, ਜੋ ਕਿ 24 ਅਪ੍ਰੈਲ ਨੂੰ ਆਪਣੇ ਘਰ ਤੋਂ ਬਿਨਾਂ ਦੱਸੇ ਚਲੀ ਗਈ ਸੀ, ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਲੜਕੀ ਨਜ਼ਦੀਕੀ ਪਿੰਡ ਭੱਜਲਾਂ ਦੇ ਅਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ ਕੋਲ ਚਲੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਜਦ ਤਲਾਸ਼ ਕੀਤੀ ਤਾਂ ਉਹ ਲੜਕਾ ਹਾਜੀਪੁਰ ਪਿੰਡ 'ਚ ਇਕ ਰਿਪਰ 'ਤੇ ਕੰਮ ਕਰਦਾ ਮਿਲਿਆ ਸੀ, ਦੂਸਰੇ ਦਿਨ ਲੜਕੀ ਗੜ੍ਹਸ਼ੰਕਰ ਦੇ ਰੇਲਵੇ ਸਟੇਸ਼ਨ 'ਤੇ ਪਰਿਵਾਰ ਨੂੰ ਮਿਲ ਗਈ ਸੀ, ਜੋ ਕਿ ਉਸਦੇ ਪਰਿਵਾਰਕ ਮੈਂਬਰ ਘਰ ਲੈ ਗਏ ਸਨ।
ਥਾਣਾ ਇੰਚਾਰਜ ਅਨੁਸਾਰ ਪੁਲਸ ਨੂੰ ਐਤਵਾਰ ਸਵੇਰੇ ਇਕ ਗੁਪਤ ਸੂਚਨਾ ਮਿਲੀ ਕਿ ਜਸਪ੍ਰੀਤ ਕੌਰ ਦਾ ਉਸ ਦੀ ਮਾਤਾ ਤੇ ਚਾਰ ਹੋਰਾਂ ਨੇ ਰਾਤੋ ਰਾਤ ਕਤਲ ਕਰਕੇ ਸਸਕਾਰ ਵੀ ਕਰ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਜਸਪ੍ਰੀਤ ਕੌਰ ਦੇ ਕਤਲ ਦੇ ਸਬੰਧ 'ਚ ਉਸਦੀ ਮਾਤਾ ਬਲਵਿੰਦਰ ਕੌਰ, ਚਾਚਾ ਸੱਤਦੇਵ, ਚਾਚੇ ਦਾ ਲੜਕਾ ਗੁਰਦੀਪ, ਜੋ ਕਿ ਪੁਲਸ 'ਚ ਹੈ, ਦੂਸਰਾ ਲੜਕਾ ਮਨੀ ਤੇ ਇਕ ਹੋਰ ਸਾਥੀ ਲਾਲਾ, ਜੋ ਕਿ ਪਿੰਡ ਬੀਰਮਪੁਰ ਦਾ ਹੈ, ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਅਨੁਸਾਰ ਲੜਕੀ ਦਾ ਕਤਲ ਕਰਨ ਤੋਂ ਪਹਿਲਾਂ ਉਸਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ। ਉਪਰੰਤ ਇਸ ਦਾ ਗਲਾ ਦੱਬ ਕੇ ਉਸ ਨੂੰ ਮਾਰਿਆ ਗਿਆ ਤੇ ਰਾਤ 2:30 ਵਜੇ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ। ਕਿਸੇ ਵੀ ਗ੍ਰਿਫਤਾਰੀ ਦੀ ਪੁਲਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।


author

KamalJeet Singh

Content Editor

Related News