ਨਾਜਾਇਜ਼ ਸਬੰਧਾਂ ਕਾਰਨ 21 ਸਾਲਾ ਨੌਜਵਾਨ ਦਾ ਕਤਲ
Saturday, Sep 04, 2021 - 08:02 PM (IST)
ਮਲੋਟ (ਜੁਨੇਜਾ) : ਥਾਣਾ ਲੰਬੀ ਅਧੀਨ ਆਉਂਦੀ ਮੰਡੀ ਕਿੱਲਿਆਂਵਾਲੀ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ 21 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਲੰਬੀ ਪੁਲਸ ਨੇ ਇਸ ਮਾਮਲੇ ’ਚ ਇਕ ਜਨਾਨੀ ਸਮੇਤ 3 ਜਣਿਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਗਪਾਲ ਸਿੰਘ ਉਰਫ਼ ਸਤਨਾਮ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗਲੀ ਨੰਬਰ-3 ਭਾਟੀ ਕਾਲੋਨੀ ਮੰਡੀ ਕਿੱਲਿਆਂਵਾਲੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਹ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਘਰ ’ਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਇਕ ਛੋਟਾ ਭਰਾ ਸਤਪਾਲ ਸਿੰਘ ਵੀ ਰਹਿੰਦਾ ਹੈ, ਜਿਹੜਾ ਉਸਦੇ ਨਾਲ ਹੀ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ, ਜਦਕਿ ਇਕ ਭੈਣ ਰੂਪਲਜੀਤ ਕੌਰ ਹੈ, ਜੋ ਹਿਸਾਰ ਵਿਖੇ ਵਿਆਹੀ ਹੈ। ਮੁਦਈ ਦੇ ਘਰ ਦੇ ਨੇੜੇ ਹੀ ਮੋਹਨ ਸਿੰਘ ਉਰਫ਼ ਮੋਹਨੀ ਪੁੱਤਰ ਰੇਸ਼ਮ ਸਿੰਘ ਦਾ ਘਰ ਹੈ, ਜਿਹੜਾ ਆਪਣੀ ਪਤਨੀ ਪ੍ਰਵੀਨ ਕੌਰ ਤੇ 7-8 ਮਹੀਨੇ ਦੇ ਮੁੰਡੇ ਨਾਲ ਰਹਿੰਦਾ ਹੈ। 2 ਮਹੀਨਿਆਂ ਤੋਂ ਮੋਹਨੀ ਦੇ ਘਰ ਉਸਦੀ ਭੂਆ ਦਾ ਮੁੰਡਾ ਜਸਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਵੜਿੰਗ ਖੇੜਾ ਵੀ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਕੋਵਿਡ ਮਹਾਮਾਰੀ ਤੋਂ ਬਾਅਦ ਬੰਦ ਹੋਈ ਗੈਸ ਸਬਸਿਡੀ ਤੋਂ ਕੇਂਦਰ ਸਰਕਾਰ ਨੇ ਬਚਾਏ 20 ਹਜ਼ਾਰ ਕਰੋੜ ਰੁਪਏ
ਮੁਦਈ ਨੇ ਦੱਸਿਆ ਕਿ ਪਿਛਲੇ 7-8 ਮਹੀਨਿਆਂ ਤੋਂ ਉਸਦੇ ਭਰਾ ਸਤਪਾਲ ਸਿੰਘ ਦੇ ਮੋਹਨ ਸਿੰਘ ਦੀ ਪਤਨੀ ਪ੍ਰਵੀਨ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਦੀ ਖ਼ਬਰ ਮੋਹਨ ਸਿੰਘ ਨੂੰ ਲੱਗੀ ਤਾਂ ਮੋਹਨ ਸਿੰਘ ਅਤੇ ਉਸਦੀ ਭੂਆ ਦਾ ਮੁੰਡਾ ਜਸਪ੍ਰੀਤ ਸਿੰਘ ਉਸਦੇ ਭਰਾ ਸਤਪਾਲ ਸਿੰਘ ਨਾਲ ਰੰਜਿਸ਼ ਰੱਖਣ ਲੱਗੇ। ਉਨ੍ਹਾਂ 2-3 ਵਾਰ ਸਤਪਾਲ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਉਨ੍ਹਾਂ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। 2-3 ਸਤੰਬਰ ਦੀ ਰਾਤ ਨੂੰ 12 ਵਜੇ ਦੇ ਕਰੀਬ ਮੋਹਨ ਸਿੰਘ ਤੇ ਜਸਪ੍ਰੀਤ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਸਤਪਾਲ ਨੂੰ ਬੁਲਾਉਣ ਲਈ ਕਿਹਾ। ਫਿਰ ਸਤਪਾਲ ਸਵੇਰੇ ਆਉਣ ਦਾ ਕਹਿ ਕਿ ਉਨ੍ਹਾਂ ਨਾਲ ਚਲਾ ਗਿਆ ਪਰ ਸਵੇਰ ਤੱਕ ਵਾਪਸ ਨਹੀਂ ਆਇਆ। ਸਵੇਰੇ ਜਦੋਂ ਮੋਹਨ ਸਿੰਘ ਦੇ ਘਰੋਂ ਪਤਾ ਕੀਤਾ ਤਾਂ ਘਰ ’ਚੋਂ ਮੋਹਨ ਸਿੰਘ, ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਕੋਈ ਵੀ ਘਰ ਨਹੀਂ ਮਿਲਿਆ। ਜਦੋਂ ਸਤਪਾਲ ਦੀ ਭਾਲ ਸ਼ੁਰੂ ਕਰ ਦਿੱਤੀ 3 ਸਤੰਬਰ ਨੂੰ ਸ਼ਾਮ ਸਾਢੇ 6 ਵਜੇ ਸਤਪਾਲ ਸਿੰਘ ਦੀ ਲਾਸ਼ ਮੋਹਨ ਸਿੰਘ ਦੇ ਘਰ ਦੇ ਪਿੱਛੇ ਮਿਲੀ, ਜਿਸ ਦੇ ਸਿਰ ’ਤੇ ਸੱਟ ਵੱਜੀ ਹੋਈ ਸੀ। ਮੁਦਈ ਉਸ ਨੂੰ ਚੁੱਕ ਕੇ ਡੱਬਵਾਲੀ ਮੰਡੀ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਮੁਦਈ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਭਰਾ ਦਾ ਕਤਲ ਮੋਹਨ ਸਿੰਘ, ਉਸਦੀ ਪਤਨੀ ਪ੍ਰਵੀਨ ਕੌਰ ਅਤੇ ਭੂਆ ਦੇ ਮੁੰਡੇ ਜਸਪ੍ਰੀਤ ਸਿੰਘ ਨੇ ਹਮਮਸ਼ਵਰਾ ਹੋ ਕੇ ਕੀਤਾ ਹੈ। ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਲੰਬੀ ਪੁਲਸ ਵੱਲੋਂ ਮੁਦਈ ਦੇ ਬਿਆਨਾਂ ’ਤੇ ਉਕਤ ਤਿੰਨਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਭੇਦਭਾਵ ਦਾ ਵਿਰੋਧ ਕਰਨ ’ਤੇ ਹਿੰਦੂ ਦੁਕਾਨਦਾਰ ਦੀ ਕੁੱਟਮਾਰ ਕਰ ਕੇ ਹਵਾਲਾਤ ’ਚ ਕੀਤਾ ਬੰਦ’
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ