ਨਵਾਂਸ਼ਹਿਰ ਦੇ ਬਹੁਚਰਚਿਤ ਮਾਂ-ਪੁੱਤ ਦੇ ਕਾਤਲ ਪ੍ਰੇਮੀ ਨੂੰ ਉਮਰ ਕੈਦ

12/20/2019 4:34:46 PM

ਹੁਸ਼ਿਆਰਪੁਰ (ਅਮਰਿੰਦਰ): ਜ਼ਿਲਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਤੰਬਰ 2017 ਵਿਚ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਬੇਟੇ ਦਿਲਪ੍ਰੀਤ ਸਿੰਘ ਦਾ ਕਤਲ ਕਰਨ ਦੇ ਬਹੁਚਰਚਿਤ ਮਾਮਲੇ ਵਿਚ ਦੋਸ਼ੀ ਪ੍ਰੇਮੀ ਸੰਦੀਪ ਕੁਮਾਰ ਉਰਫ ਦੀਪਾ ਪੁੱਤਰ ਸਤਪਾਲ ਨਿਵਾਸੀ ਮੁਬਾਰਕਪੁਰ, ਜ਼ਿਲਾ ਨਵਾਂਸ਼ਹਿਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਤਲ ਕਰਨ ਦੀ ਧਾਰਾ 302 ਤਹਿਤ ਉਮਰ ਕੈਦ ਦੇ ਨਾਲ-ਨਾਲ 25 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਧਾਰਾ 201 ਵਿਚ ਵੀ ਦੋਸ਼ੀ ਕਰਾਰ ਦਿੰਦੇ ਹੋਏ 7 ਸਾਲ ਦੀ ਕੈਦ ਦੇ ਨਾਲ 25 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਵੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ ਦੋਸ਼ੀ ਨੂੰ ਦੋਹਾਂ ਹੀ ਮਾਮਲਿਆਂ ਵਿਚ 3-3 ਮਹੀਨੇ ਦੀ ਕੈਦ ਦੀ ਸਜ਼ਾ ਹੋਰ ਕੱਟਣੀ ਹੋਵੇਗੀ। ਅਦਾਲਤ ਨੇ ਆਪਣੇ ਆਦੇਸ਼ ਵਿਚ ਦੋਹਾਂ ਹੀ ਮਾਮਲਿਆਂ ਵਿਚ ਵੱਖ-ਵੱਖ ਉਮਰ ਕੈਦ ਦੀ ਸਜ਼ਾ ਭੁਗਤਣ ਦੇ ਬਾਅਦ ਤੇ 7 ਸਾਲ ਕੈਦ ਦੀ ਸਜ਼ਾ ਕੱਟਣ ਦੇ ਆਦੇਸ਼ ਦਿੱਤੇ ਹਨ।

ਇਹ ਸੀ ਮਾਮਲਾ
ਵਰਣਨਯੋਗ ਹੈ ਕਿ ਨਵਾਂਸ਼ਹਿਰ ਦੀ ਪੁਲਸ ਨੇ ਫੀਡ ਫੈਕਟਰੀ ਦੀ ਮਾਲਕਣ ਰੇਣੂ ਚੌਧਰੀ ਦੀ ਸ਼ਿਕਾਇਤ 'ਤੇ ਦੋਸ਼ੀ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ 27 ਸਤੰਬਰ 2017 ਨੂੰ ਧਾਰਾ 302 ਤੇ 201 ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਦੇ ਅਨੁਸਾਰ ਸੰਦੀਪ ਉਸ ਦੀ ਫੈਕਟਰੀ ਵਿਚ ਪਹਿਲਾਂ ਕੰਮ ਕਰ ਚੁੱਕਾ ਸੀ। ਸਤੰਬਰ 2017 ਵਿਚ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਬੰਦ ਫੈਕਟਰੀ ਵਿਚ ਰਹਿਣਾ ਚਾਹੁੰਦਾ ਹੈ। 27 ਸਤੰਬਰ 2017 ਨੂੰ ਜਦੋਂ ਉਹ ਆਪਣੀ ਬੰਦ ਫੀਡ ਫੈਕਟਰੀ ਵਿਚ ਗਈ ਤਾਂ ਵੇਖਿਆ ਕਿ ਉੱਥੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਸ ਨੇ ਫਰਾਰ ਚੱਲ ਰਹੇ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਸੀ।

ਮਹਿਲਾ ਦੇ ਦੂਜੇ ਪੁੱਤਰ ਜਸਕਰਨ ਦੀ ਪਹਿਲਾਂ ਹੀ ਕਰ ਦਿੱਤੀ ਸੀ ਹੱਤਿਆ
ਅਦਾਲਤ ਵਿਚ ਮ੍ਰਿਤਕਾ ਜਸਪਾਲ ਕੌਰ ਦੇ ਪਰਿਵਾਰ ਤੇ ਪੁਲਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਸਪਾਲ ਕੌਰ ਦੇ ਪਤੀ ਦੀ ਮੌਤ ਹੋ ਜਾਣ ਦੇ ਬਾਅਦ ਉਹ ਸੰਦੀਪ ਦੇ ਸੰਪਰਕ ਵਿਚ ਆ ਗਈ ਸੀ। ਸੰਦੀਪ ਬੰਦ ਫੈਕਟਰੀ ਵਿਚ ਰਹਿਣ ਦੇ ਦੌਰਾਨ ਜਸਪਾਲ ਕੌਰ ਦੇ ਬੇਟੇ ਜਸਕਰਨ ਨੂੰ ਆਪਣੇ ਨਾਲ ਧੋਖੇ ਨਾਲ ਹਿਮਾਚਲ ਪ੍ਰਦੇਸ਼ ਲੈ ਜਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਸਪਾਲ ਕੌਰ ਜਦੋਂ ਵਾਰ-ਵਾਰ ਸੰਦੀਪ ਤੋਂ ਜਸਕਰਨ ਬਾਰੇ ਪੁੱਛਣ ਲੱਗੀ ਤਾਂ ਦੋਸ਼ੀ ਸੰਦੀਪ ਨੇ ਗੁੱਸੇ ਵਿਚ ਆ ਕੇ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਦਾ ਵੀ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਜਸਕਰਨ ਦੇ ਕਤਲ ਦਾ ਮਾਮਲਾ ਊਨਾ ਦੀ ਅਦਾਲਤ ਵਿਚ ਹੈ ਵਿਚਾਰਅਧੀਨ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਪਾਲ ਕੌਰ ਤੇ ਦਿਲਪ੍ਰੀਤ ਦੀ ਹੱਤਿਆ ਦੇ ਮਾਮਲੇ ਵਿਚ ਜਦੋਂ ਨਵਾਂਸ਼ਹਿਰ ਪੁਲਸ ਨੇ ਦੋਸ਼ੀ ਸੰਦੀਪ ਉਰਫ ਦੀਪਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਪੁਲਸ ਪੁੱਛਗਿੱਛ ਵਿਚ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਜਸਕਰਨ ਦੀ ਹੱਤਿਆ ਕਰ ਕੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਦੇ ਘੁਮਾਉਣਾ ਖੇਤਰ ਵਿਚ ਲਾਸ਼ ਨੂੰ ਟਿਕਾਣੇ ਲਾ ਦਿੱਤਾ ਸੀ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਘੁਮਾਉਣਾ ਤੋਂ ਜਸਕਰਨ ਸਿੰਘ ਦੀ ਲਾਸ਼ ਬਰਾਮਦ ਕਰ ਕੇ ਦੋਸ਼ੀ ਸੰਦੀਪ ਉਰਫ ਦੀਪਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਇਹ ਮਾਮਲਾ ਫਿਲਹਾਲ ਊਨਾ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ।


Shyna

Content Editor

Related News