ਕੈਪਟਨ ਦੇ ਸ਼ਹਿਰ ''ਚ ਵੱਡੀ ਵਾਰਦਾਤ, 3 ਵਕੀਲਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ, ਮੂੰਹ ''ਤੇ ਟੇਪ ਲਾ ਘੁੱਟਿਆ ਸਾਹ
Thursday, Apr 22, 2021 - 09:58 AM (IST)
ਪਟਿਆਲਾ (ਬਲਜਿੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ’ਚ ਵੱਡੀ ਵਾਰਦਾਤ ਉਦੋਂ ਸਾਹਮਣੇ ਆਈ, ਜਦੋਂ 3 ਵਕੀਲਾਂ ਦੀ ਮਾਂ ਅਤੇ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਗਲਾ ਦੀ 60 ਸਾਲਾ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਹਿਲਾਂ ਜਨਾਨੀ ਦੇ ਸਿਰ ’ਚ ਸੱਟ ਮਾਰੀ ਗਈ, ਫਿਰ ਉਸ ਦਾ ਗਲਾ ਘੁੱਟਿਆ ਗਿਆ। ਇਸ ਤੋਂ ਬਾਅਦ ਉਸ ਦੇ ਹੱਥ ਬੰਨ੍ਹ ਕੇ ਮੂੰਹ ’ਤੇ ਟੇਪ ਮਾਰ ਦਿੱਤੀ ਗਈ ਤਾਂ ਜੋ ਉਸ ਦੇ ਜ਼ਿੰਦਾ ਰਹਿਣ ਦੀ ਕੋਈ ਗੁੰਜਾਇਸ਼ ਨਾਲ ਰਹੇ। ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਸਿੰਗਲਾ (60) ਵਜੋਂ ਹੋਈ। ਉਹ ਥਾਣਾ ਲਾਹੌਰੀ ਗੇਟ ਅਧੀਨ ਪੈਂਦੀ ਵਿਕਾਸ ਕਾਲੋਨੀ ’ਚ ਵਿਚਕਾਰਲੇ ਪੁੱਤਰ ਹੈਰੀ ਸਿੰਗਲਾ ਨਾਲ ਘਰ ਦੇ ਦੂਜੇ ਹਿੱਸੇ ’ਚ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਸਿਟੀ ਵਰੁਣ ਸ਼ਰਮਾ, ਐੱਸ. ਪੀ. ਡੀ. ਹਰਮੀਤ ਹੁੰਦਲ, ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਰਾਹੁਲ ਕੌਸ਼ਲ ਅਤੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਬਚ ਨਹੀਂ ਸਕਣਗੇ 'ਨਸ਼ਾ ਤਸਕਰ', ਨਸ਼ਿਆਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ
ਉਨ੍ਹਾਂ ਨਾਲ ਫਾਰੈਂਸਿੰਕ ਮਾਹਿਰਾਂ ਦੀ ਟੀਮ ਵੀ ਸੀ। ਜਾਣਕਾਰੀ ਅਨੁਸਾਰ ਕਮਲੇਸ਼ ਸਿੰਗਲਾ ਦੇ ਤਿੰਨ ਪੁੱਤਰ ਹਨ। ਇਨ੍ਹਾਂ ’ਚੋਂ ਸ਼ੈਰੀ ਸਿੰਗਲਾ ਅਤੇ ਸਨੀ ਸਿੰਗਲਾ ਹਾਈਕੋਰਟ ਚੰਡੀਗੜ੍ਹ ਵਿਖੇ ਪ੍ਰੈਕਟਿਸ ਕਰਦੇ ਹਨ। ਵਿਚਕਾਰਲਾ ਪੁੱਤਰ ਹੈਰੀ ਸਿੰਗਲਾ ਪਟਿਆਲਾ ਦੀ ਜ਼ਿਲ੍ਹਾ ਅਦਾਲਤ ’ਚ ਪ੍ਰੈਕਟਿਸ ਕਰਦਾ ਹੈ। ਹੈਰੀ ਸਿੰਗਲਾ ਆਪਣੀ ਮਾਂ, ਪਤਨੀ ਅਤੇ ਪਰਿਵਾਰ ਸਮੇਤ ਵਿਕਾਸ ਕਾਲੋਨੀ ’ਚ ਰਹਿੰਦਾ ਹੈ। ਇਹ ਮਕਾਨ 2 ਹਿੱਸਿਆਂ ’ਚ ਬਣਿਆ ਹੋਇਆ ਹੈ ਅਤੇ ਇਕ ਹਿੱਸਾ ਹੈਰੀ ਕੋਲ ਹੈ ਅਤੇ ਇਸ ’ਚ ਹੀ ਹੈਰੀ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ। ਇਸ ਦਫ਼ਤਰ ਦਾ ਸ਼ੀਸਾ ਕੱਢ ਦੇ ਕਾਤਲ ਅੰਦਰ ਗਏ ਅਤੇ ਅੰਦੂਰਨੀ ਦਰਵਾਜ਼ੇ ਰਾਹੀਂ ਕਮਲੇਸ਼ ਰਾਣੀ ਤੱਕ ਪਹੁੰਚੇ। ਜਿੱਥੇ ਪਹਿਲਾਂ ਉਸ ਦੇ ਸਿਰ ’ਤੇ ਵਾਰ ਕੀਤਾ ਗਿਆ। ਫਿਰ ਉਸ ਦੇ ਹੱਥ ਬੰਨ੍ਹ ਕੇ ਗਲਾ ਘੁੱਟ ਕੇ ਮੂੰਹ ’ਤੇ ਟੇਪ ਲਪੇਟ ਦਿੱਤੀ ਗਈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਤਲ ਜਾਂਦੇ ਹੋਏ ਡੀ. ਵੀ. ਡੀ. ਆਪਣੇ ਨਾਲ ਲੈ ਗਏ। ਹਾਲਾਂਕਿ ਇਸ ਨੂੰ ਲੁੱਟ ਦਾ ਮਾਮਲਾ ਬਣਾਉਣ ਦਾ ਯਤਨ ਵੀ ਕੀਤਾ ਗਿਆ ਪਰ ਜੇਕਰ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹੁੰਦਾ ਤਾਂ ਯਕੀਨੀ ਤੌਰ ’ਤੇ ਕਾਤਲ ਗਹਿਣੇ ਅਤੇ ਹੋਰ ਸਮਾਨ ਵੀ ਲੁੱਟ ਕੇ ਲੈ ਜਾਂਦੇ। ਇਸ ਕਾਰਣ ਪੁਲਸ ਦੀ ਜਾਂਚ ਦਾ ਦਾਇਰਾ ਕਾਫੀ ਵੱਧ ਗਿਆ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਵੈਡਿੰਗ ਰਿਜ਼ਾਰਟਸ' 'ਚ 30 ਅਪ੍ਰੈਲ ਤੱਕ ਹੋਣ ਵਾਲੇ ਸਾਰੇ ਸਮਾਗਮ ਰੱਦ
ਕਿਸੇ ਨੂੰ ਵੀ ਨਹੀਂ ਲੱਗੀ ਭਿਣਕ
ਹੁਣ ਤੱਕ ਕੀਤੀ ਜਾਂਚ ’ਚ ਪਾਇਆ ਗਿਆ ਕਿ ਇਸ ਕਤਲ ਦੀ ਕਿਸੇ ਨੂੰ ਵੀ ਭਿਣਕ ਨਹੀਂ ਲੱਗੀ। ਨਾ ਤਾਂ ਨਾਲ ਦੇ ਮਕਾਨ ’ਚ ਪਏ ਪਰਿਵਾਰ ਦੇ ਮੈਂਬਰਾਂ ਅਤੇ ਨਾ ਹੀ ਬਾਹਰ, ਨਾ ਹੀ ਕਾਲੋਨੀ ਨਿਵਾਸੀਆਂ ਨੂੰ। ਇਸ ਤਰ੍ਹਾਂ ਚੁੱਪ-ਚਪੀਤੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇੱਥੋਂ ਤੱਕ ਕਿ ਰਾਤ ਨੂੰ ਚੌਂਕੀਦਾਰ ਵੀ 3 ਵਾਰ ਉਸ ਥਾਂ ਤੋਂ ਲੰਘਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਨਾਗਰਿਕ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸਥਾਪਿਤ ਹੋਵੇਗਾ 'ਕਾਲ ਸੈਂਟਰ'
ਜਾਂਚ ਲਈ ਬਣਾਈ 6 ਮੈਂਬਰੀ ਐੱਸ. ਆਈ. ਟੀ.
ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਇਸ ਭੇਤਭਰੇ ਕਤਲ ਦੀ ਜਾਂਚ ਲਈ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। ਇਸ ’ਚ ਐੱਸ. ਪੀ. ਸਿਟੀ ਵਰੁਣ ਸ਼ਰਮਾ, ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ, ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ, ਸੀ. ਆਈ. ਏ. ਇੰਚਾਰਜ ਇੰਸ ਰਾਹੁਲ ਕੌਸ਼ਲ ਅਤੇ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ