ਤਾਂਤਰਿਕ ਔਰਤ ਨਾਲ ਮਿਲ ਕੇ ਗਰਭਵਤੀ ਔਰਤ ਤੇ ਉਸਦੇ ਪੇਟ ''ਚ ਪਲ ਰਹੇ ਬੱਚੇ ਦਾ ਕਤਲ

Tuesday, Apr 30, 2019 - 07:03 PM (IST)

ਬਟਾਲਾ (ਬੇਰੀ) : ਪਿੰਡ ਕਾਲਾ ਨੰਗਲ ਵਿਖੇ ਤਾਂਤਰਿਕ ਨਾਲ ਮਿਲ ਕੇ ਗਰਭਵਤੀ ਔਰਤ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਦਾ ਕਤਲ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਸ ਨੇ ਤਾਂਤਰਿਕ ਔਰਤ ਸਮੇਤ 7 ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਪੁਲਸ ਵਲੋਂ ਭਾਲ ਜਾਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਪ੍ਰੇਮ ਸਿੰਘ ਵਾਸੀ ਅਕਾਲਗੜ੍ਹ ਢਪੱਈਆਂ ਥਾਣਾ ਜੰਡਿਆਲਾ ਗੁਰੂ ਹਾਲ ਵਾਸੀ ਪਿੰਡ ਕਾਲਾ ਨੰਗਲ ਬਟਾਲਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਆਪਣੇ ਨਾਨਕੇ ਪਿੰਡ ਕਾਲਾ ਨੰਗਲ ਵਿਖੇ ਆਪਣੇ ਮਾਮਾ ਸੰਤੋਖ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਆਪਣੀ ਪਤਨੀ ਜਸਬੀਰ ਕੌਰ ਨਾਲ ਰਹਿੰਦਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸਦੀ ਪਤਨੀ ਜਸਬੀਰ ਕੌਰ 7 ਮਹੀਨਿਆਂ ਦੀ ਗਰਭਵਤੀ ਸੀ। ਬਲਵਿੰਦਰ ਸਿੰਘ ਮੁਤਾਬਕ ਬੀਤੀ 27 ਅਪ੍ਰੈਲ ਨੂੰ ਸਵੇਰੇ 11 ਵਜੇ ਮੈਂ, ਮੇਰਾ ਵੱਡਾ ਮਾਮਾ ਜਗਤਾਰ ਸਿੰਘ, ਮੇਰੀ ਪਤਨੀ ਜਸਬੀਰ ਕੌਰ ਤੇ ਮਾਮੀ ਕੰਵਲਜੀਤ ਕੌਰ ਘਰ ਵਿਚ ਬੈਠ ਕੇ ਗੱਲਬਾਤ ਕਰ ਰਹੇ ਸੀ ਕਿ ਇਸ ਦੌਰਾਨ ਸਾਡੀ ਗੁਆਂਢਣ ਰਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਆਪਣੀ ਸੱਸ ਜੋਗਿੰਦਰ ਕੌਰ ਨਾਲ ਸਾਡੇ ਘਰ ਆਈ ਅਤੇ ਮੇਰੀ ਪਤਨੀ ਜਸਬੀਰ ਕੌਰ ਨੂੰ ਇਹ ਕਹਿ ਕੇ ਨਾਲ ਲੈ ਗਈ ਕਿ ਉਨ੍ਹਾਂ ਨੂੰ ਕੋਈ ਉਸ ਨਾਲ ਜ਼ਰੂਰੀ ਕੰਮ ਹੈ। 
ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਾਫੀ ਦੇਰ ਬਾਅਦ ਜਦੋਂ ਉਸ ਦੀ ਪਤਨੀ ਘਰ ਵਾਪਸ ਨਾ ਆਈ ਤਾਂ ਉਹ ਰਵਿੰਦਰ ਕੌਰ ਦੇ ਘਰ ਗਿਆ ਜਿਥੇ ਰਵਿੰਦਰ ਕੌਰ ਸਮੇਤ ਜੋਗਿੰਦਰ ਕੌਰ, ਪੂਰਨ ਸਿੰਘ ਤੇ ਇਸ ਦੀਆਂ ਤਿੰਨ ਲੜਕੀਆਂ ਅਮਨ ਕੌਰ ਪਤਨੀ ਰਾਜੂ ਵਾਸੀ ਤਰਸਿੱਕਾ, ਰਜਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਜ਼ੀਰਾ ਤੇ ਨੀਤੂ ਘਰ ਵਿਚ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਜਸਬੀਰ ਕੌਰ ਇਥੋਂ 3 ਵਜੇ ਦੀ ਚਲੀ ਗਈ ਹੈ। ਉਸ ਨੇ ਦੱਸਿਆ ਕਿ ਇਸ ਉਪਰੰਤ ਨੇ ਜਸਬੀਰ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਅਤੇ ਉਪਰੰਤ ਬੀਤੀ 28 ਅਪ੍ਰੈਲ ਨੂੰ ਸ਼ਾਮ ਪਿੰਡ ਦੇ ਸਾਬਕਾ ਸਰਪੰਚ ਨਵਦੀਪ ਸਿੰਘ ਨੂੰ ਸਾਰੀ ਗੱਲ ਉਸਦੇ ਘਰ ਜਾ ਕੇ ਦੱਸੀ ਤਾਂ ਫਿਰ ਸਾਬਕਾ ਸਰਪੰਚ, ਮੌਜੂਦਾ ਸਰਪੰਚ ਪਰਜਿੰਦਰ ਸਿੰਘ ਨੂੰ ਨਾਲ ਲੈ ਕੇ ਰਵਿੰਦਰ ਕੌਰ ਦੇ ਘਰ ਗਿਆ ਅਤੇ ਗੁਆਂਢੀਆਂ ਨੇ ਫਿਰ ਪਹਿਲਾਂ ਵਾਲੀ ਗੱਲ ਦੁਹਰਾਉਂਦਿਆਂ ਕਿਹਾ ਕਿ ਜਸਬੀਰ ਕੌਰ ਆਈ ਤਾਂ ਸੀ ਪਰ ਵਾਪਸ ਚਲੀ ਗਈ। 
ਬਲਵਿੰਦਰ ਸਿੰਘ ਨੇ ਦੱਸਿਆ ਉਸ ਨੂੰ ਉਕਤ ਸਾਰਿਆਂ 'ਤੇ ਸ਼ੱਕ ਹੋ ਗਿਆ ਅਤੇ ਬੀਤੀ 29 ਅਪ੍ਰੈਲ ਦੀ ਰਾਤ 8.30 ਵਜੇ ਉਹ ਮੁੜ ਪੂਰਨ ਸਿੰਘ ਦੇ ਘਰ ਗਏ ਅਤੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਘਰ 'ਚੋਂ ਗੰਦੀ ਬਦਬੂ ਆ ਰਹੀ ਸੀ ਜਿਸ 'ਤੇ ਅਸੀਂ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਮਰੇ ਵਿਚ ਪਈ ਪੇਟੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਜਸਬੀਰ ਕੌਰ ਦੀ ਲਾਸ਼ ਖੂਨ ਨਾਲ ਲਥਪਥ ਪਈ ਹੋਈ ਮਿਲੀ। ਜਿਸਦਾ ਪੇਟ ਕਿਸੇ ਤਿੱਖੀ ਚੀਜ਼ ਨਾਲ ਪਾੜਿਆ ਹੋਇਆ ਸੀ ਅਤੇ ਮੇਰੀ ਪਤਨੀ ਜਸਬੀਰ ਕੌਰ ਦੇ ਪੇਟ ਵਿਚ ਪਲ ਰਿਹਾ ਬੱਚਾ ਵੀ ਮੌਜੂਦ ਨਹੀਂ ਸੀ। 
ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਕਾਰਾ ਪੂਰਨ ਸਿੰਘ, ਰਵਿੰਦਰ ਕੌਰ, ਜੋਗਿੰਦਰ ਕੌਰ ਤੇ ਉਸ ਦੀਆਂ ਲੜਕੀਆਂ ਅਮਨ ਕੌਰ, ਰਜਿੰਦਰ ਕੌਰ ਤੇ ਨੀਤੂ ਨੇ ਮਿਲ ਕੇ ਇਨ੍ਹਾਂ ਦੇ ਘਰ ਆਉਂਦੀ ਤਾਂਤਰਿਕ ਔਰਤ ਦੀਸ਼ੋ ਉਰਫ ਦੇਵਾ ਪਤਨੀ ਸਤਨਾਮ ਸਿੰਘ ਵਾਸੀ ਹਸਨਪੁਰ ਕਲਾਂ ਦੇ ਕਹਿਣ 'ਤੇ ਕੀਤਾ ਹੈ। ਉਕਤ ਮਾਮਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਿਥੇ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਨਾਲ ਹੀ ਮੌਕੇ ਤੋਂ ਪੂਰਨ ਸਿੰਘ, ਰਵਿੰਦਰ ਕੌਰ ਤੇ ਜੋਗਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤਿੰਨੇ ਲੜਕੀਆਂ ਮੌਕੇ ਤੋਂ ਫਰਾਰ ਹੋ ਗਈਆਂ ਅਤੇ ਥਾਣਾ ਸਦਰ ਵਿਚ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਤਾਂਤਰਿਕ ਔਰਤ ਸਮੇਤ 7 ਜਣਿਆਂ ਵਿਰੁੱਧ ਧਾਰਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਣਜੰਮੇ ਬੱਚੇ ਦੀ ਲਾਸ਼ ਜਿਸ ਨੂੰ ਉਕਤਾਨ ਵਲੋਂ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ, ਨੂੰ ਡਿਊਟੀ ਮੈਜਿਸਟ੍ਰੇਟ ਅਜੈਪਾਲ ਨਾਇਬ ਤਹਿਸੀਲਦਾਰ ਫਤਿਹਗੜ੍ਹ ਚੂੜੀਆਂ ਦੀ ਹਾਜ਼ਰੀ ਵਿਚ ਕਢਵਾਇਆ ਗਿਆ ਹੈ।


Gurminder Singh

Content Editor

Related News