ਮਾਛੀਵਾੜਾ ’ਚ ਸਾਬਕਾ ਸਿੱਖ ਫੌਜੀ ਤੇ ਉਸਦੇ ਪੁੱਤਰ ਦੀ ਕੁੱਟਮਾਰ, ਜਥੇਦਾਰ ਨੇ ਦਿੱਤੀ ਚਿਤਾਵਨੀ
Tuesday, May 05, 2026 - 01:17 PM (IST)
ਅੰਮ੍ਰਿਤਸਰ/ਮਾਛੀਵਾੜਾ ਸਾਹਿਬ (ਟੱਕਰ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਨਗਰ ਵਿਚ ਇਕ ਕਿਰਤੀ ਸਿੱਖ ਕਿਸਾਨ (ਸਾਬਕਾ ਫ਼ੌਜੀ) ਕੁਲਦੀਪ ਸਿੰਘ ਨਾਲ ਅਤੇ ਉਸ ਦੇ ਪੁੱਤਰ ਕਾਕਾ ਸੁਮਨਪ੍ਰੀਤ ਸਿੰਘ (16) ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਕਿਸਾਨ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਉਸਨੂੰ ਸੱਜੇ ਕੰਨ ਨਾਲ ਸੁਣਨ ਅਤੇ ਸੱਜੀ ਅੱਖ ਨਾਲ ਵੇਖਣ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਖੰਨਾ ਪੁਲਸ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਦੋਸ਼ੀ ਕਰਮਚਾਰੀਆਂ ਦੀ ਪਛਾਣ ਉਪਰੰਤ ਇਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਜਥੇਦਾਰ ਗੜਗੱਜ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੀੜਤ ਸਿੱਖ ਨੌਜਵਾਨ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਲਈ ਖੁਦ ਉਨ੍ਹਾਂ ਦਾ ਸਾਥ ਦੇਣ ਪਹੁੰਚਣਗੇ।
ਇਹ ਵੀ ਪੜ੍ਹੋ : ਚੀਨੀ ਕੁਬਾਹੇੜੀ ਕਤਲ ਮਾਮਲੇ ਵਿਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਅੱਜ ਇਕ ਸੇਵਾਮੁਕਤ ਫ਼ੌਜੀ ਨਾਲ ਸਥਾਨਕ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕਾ ਕਰ ਰਿਹਾ ਹੈ ਤਾਂ ਇਸ ਤੋਂ ਆਮ ਪੰਜਾਬੀ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਪ੍ਰਧਾਨ ਨਾਲ ਖੁਦ ਗੱਲ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਆਖਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਭਾਰਤੀ ਫ਼ੌਜ ਵਿਚੋਂ ਸੇਵਾਮੁਕਤ ਫ਼ੌਜੀ ਹੈ ਜੋ ਹੁਣ ਕਿਸਾਨੀ ਦੀ ਕਿਰਤ ਕਰਕੇ ਆਪਣੇ ਖੇਤਾਂ ਵਿਚ ਸਬਜ਼ੀਆਂ ਬੀਜ ਕੇ ਬਜ਼ਾਰ ਵਿਚ ਟ੍ਰੈਕਟਰ ਨਾਲ ਸ਼ਕੰਜਾ ਲਗਾ ਕੇ ਖੁਦ ਵੇਚਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 200 ਖੰਭੇ, 67 ਟ੍ਰਾਂਸਫਾਰਮਰ ਉਡਾਏ, ਮੁਲਾਜ਼ਮਾਂ ਦੀ ਛੁੱਟੀ ਰੱਦ
ਨਗਰ ਕੌਂਸਲ ਕਰਮਚਾਰੀਆਂ ਨੇ ਸਿੱਖ ਨੌਜਵਾਨ ਨੂੰ ਕੇਵਲ ਇਸ ਕਰਕੇ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸਨੇ ਕੁੱਟਮਾਰ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸਦੀ ਟਰਾਲੀ ਹਟਾਉਣ ਆਏ ਨਗਰ ਕੌਂਸਲ ਮੁਲਾਜ਼ਮਾਂ ਨੂੰ ਕੇਵਲ ਇਹ ਸਵਾਲ ਕੀਤਾ ਸੀ ਕਿ ਜਿੱਥੇ ਇੰਨੀਆਂ ਹੋਰ ਰੇਹੜੀਆਂ ਲੱਗੀਆਂ ਹੋਈਆਂ ਹਨ ਉੱਥੇ ਉਸ ਦੇ ਟ੍ਰੈਕਟਰ ਲੱਗਣ ਨਾਲ ਕੀ ਫਰਕ ਪੈਂਦਾ ਹੈ। ਗੁੱਸੇ ਵਿਚ ਆਏ ਨਗਰ ਕੌਂਸਲ ਮੁਲਾਜ਼ਮ ਪਹਿਲਾਂ ਉਸਦਾ ਕੰਡਾ ਚੁੱਕ ਕੇ ਲੈ ਗਏ, ਕੁਝ ਸਮੇਂ ਬਾਅਦ ਉਸਨੂੰ ਕੁੱਟਣ ਲਈ ਆ ਗਏ। ਕਮਰਚਾਰੀਆਂ ਨੇ ਗੁੰਡਿਆਂ ਵਾਂਗ ਕਿਰਤੀ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਸਿੱਖ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਦਕਿ ਸ਼ਹਿਰਾਂ ਅਤੇ ਨਗਰਾਂ ਅੰਦਰ ਸ਼ਰੇਆਮ ਪੈਸੇ ਲੈ ਕੇ ਸੂਬੇ ਤੋਂ ਬਾਹਰੀ ਲੋਕਾਂ ਦੀਆਂ ਰੇੜੀਆਂ ਫੜੀਆਂ ਲੁਆਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਆਪਣੀ ਮਿਹਨਤ ਸਦਕਾ ਕੋਈ ਸੱਚੀ-ਸੁੱਚੀ ਕਿਰਤ ਕਰਦੇ ਹਨ ਤਾਂ ਸਰਕਾਰੀ ਸ਼ਹਿ ਵਾਲੇ ਗੁੰਡਾ ਅਨਸਰ ਉਨ੍ਹਾਂ ਨੂੰ ਸੂਬੇ ਅੰਦਰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ ਕਰਨ ਦੇ ਹੁਕਮ, ਇਸ ਕਾਰਣ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
