ਅਮਰੀਕਾ ਦਾ ਸੁਪਨਾ ਪਿਆ ਮਹਿੰਗਾ: ਸਾਬਕਾ ਥਾਣੇਦਾਰ ਨੇ ਟ੍ਰੈਵਲ ਏਜੰਟ ਨਾਲ ਮਿਲ ਕੇ ਮਾਰੀ 47.87 ਲੱਖ ਦੀ ਠੱਗੀ
Thursday, May 07, 2026 - 02:36 AM (IST)
ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਤਾਰੇਵਾਲਾ ਦੇ ਇੱਕ ਨੌਜਵਾਨ ਨੂੰ ਪੱਕੇ ਤੌਰ ’ਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 47 ਲੱਖ 87 ਹਜ਼ਾਰ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਧਰਮਕੋਟ ਪੁਲਸ ਨੇ ਪੀੜਤ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਜਲੰਧਰ ਦੇ ਇੱਕ ਟ੍ਰੈਵਲ ਏਜੰਟ ਅਤੇ ਇੱਕ ਸਾਬਕਾ ਥਾਣੇਦਾਰ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਫਿਲਮੀ ਸ਼ੂਟਿੰਗ ਦੇ ਨਾਂ 'ਤੇ ਸ਼ੁਰੂ ਹੋਈ ਠੱਗੀ
ਸ਼ਿਕਾਇਤਕਰਤਾ ਮਹਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਬੇਟਾ ਅਮਰਜੀਤ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ। ਮੁਲਜ਼ਮ ਕਾਕੂ ਸਿੰਘ (ਸਾਬਕਾ ਥਾਣੇਦਾਰ) ਅਤੇ ਮੰਗਲ ਸਿੰਘ ਨੇ ਉਨ੍ਹਾਂ ਨੂੰ ਜਲੰਧਰ ਦੇ ਟ੍ਰੈਵਲ ਏਜੰਟ ਨਗਿੰਦਰ ਖੁੱਲਰ ਨਾਲ ਮਿਲਾਇਆ। ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਅਮਰਜੀਤ ਨੂੰ ਫਿਲਮੀ ਸ਼ੂਟਿੰਗ ਦੇ ਬਹਾਨੇ ਇੱਕ ਨੰਬਰ ਦੇ ਵੀਜ਼ੇ 'ਤੇ ਅਮਰੀਕਾ ਭੇਜਣਗੇ ਅਤੇ ਇਸ ਬਦਲੇ ਸਾਢੇ 4 ਲੱਖ ਰੁਪਏ ਨਗਦ ਤੇ ਪਾਸਪੋਰਟ ਲੈ ਲਏ।
ਇਹ ਵੀ ਪੜ੍ਹੋ : ਅਸੀਂ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੱਕ ਰਹੇ ਹਾਂ, 'ਬੱਚਿਓ ਸਾਨੂੰ ਮਾਫ ਕਰ ਦਿਓ...'
ਡੌਂਕੀ ਰੂਟ ਅਤੇ ਮੌਤ ਦਾ ਡਰ
ਮਹਿੰਦਰ ਸਿੰਘ ਅਨੁਸਾਰ, ਮੁਲਜ਼ਮਾਂ ਨੇ ਉਸ ਦੇ ਬੇਟੇ ਨੂੰ ਪਹਿਲਾਂ ਤੁਰਕੀ ਭੇਜ ਦਿੱਤਾ ਅਤੇ ਉੱਥੋਂ ਉਸ ਨੂੰ ਗੈਰ-ਕਾਨੂੰਨੀ 'ਡੌਂਕੀ ਰੂਟ' ਰਾਹੀਂ ਜੰਗਲਾਂ ਦੇ ਰਸਤੇ ਲਿਜਾਣਾ ਸ਼ੁਰੂ ਕਰ ਦਿੱਤਾ। ਹੋਂਡਰੈਸ ਦੇਸ਼ ਪਹੁੰਚ ਕੇ ਮੁਲਜ਼ਮਾਂ ਨੇ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਅਤੇ ਪੈਸੇ ਨਾ ਦੇਣ 'ਤੇ ਅਮਰਜੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ 3 ਨਵੰਬਰ 2024 ਨੂੰ ਪੈਸੇ ਭੇਜ ਦਿੱਤੇ। ਇਸ ਤੋਂ ਬਾਅਦ ਮੈਕਸੀਕੋ ਬਾਰਡਰ 'ਤੇ ਫਿਰ 22 ਲੱਖ ਰੁਪਏ ਅਤੇ 2 ਲੱਖ ਰੁਪਏ ਗੂਗਲ ਪੇਅ ਰਾਹੀਂ ਵਸੂਲੇ ਗਏ।
ਅਮਰੀਕਾ ਦੀ ਜੇਲ੍ਹ ਅਤੇ ਘਰ ਵਾਪਸੀ
ਮੁਲਜ਼ਮਾਂ ਨੇ ਅਮਰਜੀਤ ਨੂੰ ਇੱਕ ਕੈਂਪ ਵਿੱਚ ਬੰਦ ਕਰਵਾ ਦਿੱਤਾ, ਜਿੱਥੇ ਉਸ ਨੂੰ ਅਮਰੀਕੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ। ਲਗਭਗ ਇੱਕ ਸਾਲ ਅਮਰੀਕਾ ਦੀ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅਮਰਜੀਤ ਸਿੰਘ 18 ਦਸੰਬਰ 2025 ਨੂੰ ਭਾਰਤ ਵਾਪਸ ਪਰਤਿਆ ਅਤੇ ਆਪਣੇ ਨਾਲ ਹੋਈ ਹੱਡ-ਬੀਤੀ ਸੁਣਾਈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਸਨਸਨੀਖੇਜ਼ ਵਾਰਦਾਤ: ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ
ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ। ਪੁਲਸ ਨੇ ਟ੍ਰੈਵਲ ਏਜੰਟ ਨਗਿੰਦਰ ਖੁੱਲਰ, ਕਾਕੂ ਸਿੰਘ ਅਤੇ ਮੰਗਲ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
