ਹੱਤਿਆ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸਮੇਤ 50 ਹਜ਼ਾਰ ਲੱਗਾ ਜ਼ੁਰਮਾਨਾ

Saturday, Aug 19, 2017 - 07:05 PM (IST)

ਹੱਤਿਆ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸਮੇਤ 50 ਹਜ਼ਾਰ ਲੱਗਾ ਜ਼ੁਰਮਾਨਾ

ਹੁਸ਼ਿਆਰਪੁਰ(ਅਮਰਿੰਦਰ)— ਜ਼ਿਲੇ ਦੇ ਕਸਬਾ ਬੁੱਲ੍ਹੋਵਾਲ ਦੇ ਨਾਲ ਲੱਗਦੇ ਪਿੰਡ ਰਾਮਨਗਰ ਢੇਹਾ 'ਚ 11 ਜਨਵਰੀ 2014 ਨੂੰ ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਦੌਰਾਨ 55 ਸਾਲਾ ਲੱਖਾ ਸਿੰਘ ਦੀ ਹੱਤਿਆ ਦੇ ਦੋਸ਼ੀ ਹਰਚਰਨ ਸਿੰਘ ਪੁੱਤਰ ਨਗੀਨਾ ਸਿੰਘ ਵਾਸੀ ਰਾਮ ਨਗਰ ਢੇਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਐੱਨ. ਐੱਸ. ਗਿੱਲ ਦੀ ਅਦਾਲਤ ਨੇ ਉਮਰ ਕੈਦ ਦੇ ਨਾਲ 50 ਹਜ਼ਾਰ ਰੁਪਏ ਨਕਦ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ 1 ਸਾਲ ਕੈਦ ਦੀ ਸਜ਼ਾ ਹੋਰ ਕੱਟਣੀ ਹੋਵੇਗੀ।
ਜ਼ਿਕਰਯੋਗ ਹੈ ਕਿ ਥਾਣਾ ਬੁੱਲ੍ਹੋਵਾਲ ਪੁਲਸ ਨੇ 11 ਜਨਵਰੀ 2014 ਨੂੰ ਦਲਜਿੰਦਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਰਾਮ ਨਗਰ ਢੇਹਾ ਦੀ ਸ਼ਿਕਾਇਤ 'ਤੇ ਦੋਸ਼ੀ ਹਰਚਰਨ ਸਿੰਘ ਅਤੇ ਇਕ ਹੋਰ ਦੋਸ਼ੀ ਦੇ ਖਿਲਾਫ ਕੁੱਟਮਾਰ ਕਰਨ ਅਤੇ ਜਾਨਲੇਵਾ ਹਮਲਾ ਕਰਨ ਅਧੀਨ ਵੱਖ-ਵੱਖ ਧਾਰਾਵਾਂ ਸਬੰਧੀ ਕੇਸ ਦਰਜ ਕੀਤਾ ਸੀ। ਇਸ ਦੌਰਾਨ ਇਲਾਜ ਲਈ ਹਸਪਤਾਲ ਲਿਜਾਣ ਦੌਰਾਨ ਜ਼ਖਮੀ ਲੱਖਾ ਸਿੰਘ ਦੀ ਮੌਤ ਹੋ ਜਾਣ ਦੇ ਬਾਅਦ ਬੁੱਲ੍ਹੋਵਾਲ ਪੁਲਸ ਨੇ ਦੋਸ਼ੀਆਂ ਖਿਲਾਫ ਦਰਜ ਮਾਮਲੇ 'ਚ ਹੱਤਿਆ ਦੀ ਧਾਰਾ 302 ਨੂੰ ਵੀ ਜੋੜ ਦਿੱਤਾ ਸੀ। ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤ ਕਰਤਾ ਦਲਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਹ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਦੋਸ਼ੀ ਹਰਚਰਨ ਸਿੰਘ ਅਤੇ ਇਕ ਹੋਰ ਨੇ ਉਸ ਦੇ ਪਿਤਾ ਲੱਖਾ ਸਿੰਘ 'ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ।


Related News