ਔਰਤ ਦੇ ਕਤਲ ਦੇ ਦੋਸ਼ੀ ਰਿਸ਼ਤੇਦਾਰ ਨੂੰ ਉਮਰ ਕੈਦ ਦੀ ਸਜ਼ਾ

06/10/2023 5:16:03 PM

ਲੁਧਿਆਣਾ (ਮਹਿਰਾ) : ਜ਼ਮੀਨੀ ਝਗੜੇ ’ਚ ਆਪਣੀ ਰਿਸ਼ਤੇਦਾਰ ਔਰਤ ਦਾ ਕਤਲ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਮਨਜਿੰਦਰ ਕੌਰ ਦੀ ਅਦਾਲਤ ਨੇ ਅਮਨਦੀਪ ਸਿੰਘ ਉਰਫ਼ ਅਮਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਧਿਰ ਮੁਤਾਬਕ 4 ਅਗਸਤ, 2015 ਨੂੰ ਸ਼ਿਕਾਇਤਕਰਤਾ ਗੁਰਦੇਵ ਸਿੰਘ ਨਿਵਾਸੀ ਚੌਕੀਮਾਨ ਨੇ ਪੁਲਸ ਥਾਣਾ ਦਾਖਾ ’ਚ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦਾ ਵੱਡਾ ਭਰਾ ਅਜਮੇਰ ਸਿੰਘ ਆਪਣੇ ਵਿਆਹ ਤੋਂ 15 ਸਾਲ ਬਾਅਦ ਕਿਤੇ ਚਲਾ ਗਿਆ ਸੀ। ਇਸ ’ਤੇ ਗੁਰਦੇਵ ਨੇ ਆਪਣੀ ਭਰਜਾਈ ਗੁਰਮੇਲ ਕੌਰ ਨਾਲ ਵਿਆਹ ਕਰਵਾ ਲਿਆ।

ਪਿੰਡ ਵਿਚ ਹੀ ਉਸ ਦੀ ਧੀ ਅਮਰਜੀਤ ਕੌਰ ਦਾ ਘਰ ਬਣ ਰਿਹਾ ਸੀ। ਘਰ ਦੀ ਦੇਖ-ਭਾਲ ਲਈ ਗੁਰਮੇਲ 10 ਦਿਨਾ ਤੋਂ ਉੱਥੇ ਰਹਿ ਰਹੀ ਸੀ। 3 ਅਗਸਤ, 2015 ਨੂੰ ਸ਼ਿਕਾਇਤਕਰਤਾ ਆਪਣੇ ਜਵਾਈ ਨਾਲ ਗੁਰਮੇਲ ਨੂੰ ਰੋਟੀ ਤੇ ਦੁੱਧ ਦੇਣ ਪੁੱਜਾ ਸੀ। ਉੱਥੇ ਗੁਰਮੇਲ ਦਾ ਇਕ ਰਿਸ਼ਤੇਦਾਰ ਅਮਨਦੀਪ ਸਿੰਘ ਮੌਜੂਦ ਸੀ ਅਤੇ ਉਸ 'ਤੇ ਦਬਾਅ ਪਾ ਰਿਹਾ ਸੀ ਕਿ ਗੁਰਮੇਲ ਪਿੰਡ ਨਾਰਾਇਣਗੜ੍ਹ ਸੋਹੀਆਂ ’ਚ ਪਈ ਉਸ ਦੇ ਹਿੱਸੇ ਦੀ ਜ਼ਮੀਨ ਉਸ ਦੇ ਨਾਂ ਕਰ ਦੇਵੇ ਪਰ ਅਗਲੇ ਦਿਨ ਕਮਰੇ ’ਚ ਗੁਰਮੇਲ ਕੌਰ ਮ੍ਰਿਤਕ ਹਾਲਤ ਵਿਚ ਮਿਲੀ।

ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਕਿ ਅਮਨਦੀਪ ਸਿੰਘ ਉਰਫ ਅਮਨਾ ਨੇ ਜ਼ਮੀਨੀ ਝਗੜੇ ਕਾਰਨ ਗੁਰਮੇਲ ਕੌਰ ਦਾ ਕਤਲ ਕਰ ਦਿੱਤਾ। ਅਦਾਲਤ ’ਚ ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮੁਲਜ਼ਮ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
 


Babita

Content Editor

Related News