ਵਿਆਹ ਦਾ ਝਾਂਸਾ ਦੇ ਕੇ ਸ਼ਿਮਲਾ ਤੋਂ ਭਜਾਈ ਲਡ਼ਕੀ!
Thursday, Aug 02, 2018 - 02:15 AM (IST)

ਬਠਿੰਡਾ(ਵਰਮਾ)-ਬਠਿੰਡਾ ਦੇ ਨੌਜਵਾਨ ਨੇ ਸ਼ਿਮਲਾ ਵਾਸੀ ਇਕ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਆ ਅਤੇ ਬਠਿੰਡਾ ਪਹੁੰਚਿਆ। ਪਿੱਛੇ-ਪਿੱਛੇ ਪਰਿਵਾਰ ਵੀ ਹਿਮਾਚਲ ਪੁਲਸ ਨਾਲ ਬਠਿੰਡਾ ਪਹੁੰਚਿਆ ਪਰ ਲਡ਼ਕੀ ਹੱਥ ਨਹੀਂ ਲੱਗੀ। ਇਸ ’ਤੇ ਪਰਿਵਾਰ ਨੇ ਉਸ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ। ਜਿਵੇਂ ਹੀ ਪਰਿਵਾਰ ਹਿਮਾਚਲ ਪੁਲਸ ਨਾਲ ਬਠਿੰਡਾ ਪਹੁੰਚਿਆ ਤਾਂ ਕਚਹਿਰੀ ਕੰਪਲੈਕਸ ਵਿਚ ਚੌਕੀ ਇੰਚਾਰਜ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਦੀ ਸ਼ਿਕਾਇਤ ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ ਗਈ। ਉਥੇ ਹੀ ਬਠਿੰਡਾ ਦੇ ਐੱਸ. ਐੱਸ. ਪੀ. ਨਾਨਕ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੁਲਸ ਵੱਲੋਂ ਪੀਡ਼ਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੇ ਜਾਣ ਦੀ ਗੱਲ ਕਹੀ ਹੈ। ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਸ਼ਿਮਲਾ ਵਾਸੀ ਜਤਿੰਦਰ ਕੁਮਾਰ ਦੀ ਲਡ਼ਕੀ ਨੂੰ ਬਠਿੰਡਾ ਵਾਸੀ ਰਾਹੁਲ ਨਾਮਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ 29 ਜੁਲਾਈ ਨੂੰ ਸ਼ਿਮਲਾ ਤੋਂ ਆਪਣੇ ਨਾਲ ਲੈ ਆਇਆ। ਆਪਣੀ ਲਡ਼ਕੀ ਦੀ ਤਲਾਸ਼ ’ਚ ਜਤਿੰਦਰ ਕੁਮਾਰ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਪੁਲਸ ਦੇ ਦੋ ਕਰਮਚਾਰੀਆਂ ਨਾਲ ਪੂਰੇ ਪਰਿਵਾਰ ਸਮੇਤ ਬਠਿੰਡਾ ਪਹੁੰਚਿਆ ਅਤੇ ਬਠਿੰਡਾ ਦੀ ਕਚਹਿਰੀ ਪੁਲਸ ਚੌਕੀ ਵਿਚ ਲਡ਼ਕੀ ਨੂੰ ਲਿਜਾਣ ਵਾਲੇ ਨੌਜਵਾਨ ਰਾਹੁਲ ਖਿਲਾਫ ਚੌਕੀ ਮੁਖੀ ਏ. ਐੱਸ. ਆਈ. ਬਲਦੇਵ ਸਿੰਘ ਨੂੰ ਸ਼ਿਕਾਇਤ ਦਿੱਤੀ। ਥਾਣੇਦਾਰ ਨੂੰ ਲੈ ਕੇ ਸ਼ਿਮਲਾ ਪਰਿਵਾਰ ਨੌਜਵਾਨ ਰਾਹੁਲ ਦੇ ਘਰ ਗਿਆ ਪਰ ਉਥੇ ਵੀ ਤਾਲਾ ਲੱਗਾ ਹੋਇਆ ਸੀ, ਜਿਸ ਕਾਰਨ ਪੁਲਸ ਖਾਲੀ ਹੱਥ ਆ ਗਈ। ਪੀਡ਼ਤ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਥਾਣੇਦਾਰ ਤੋਂ ਨੌਜਵਾਨ ਰਾਹੁਲ ਦਾ ਮੋਬਾਇਲ ਨੰਬਰ ਟ੍ਰੇਸ ਕਰਨ ਸਬੰਧੀ ਮੰਗ ਕੀਤੀ ਤਾਂ ਉਸ ਨੇ ਕੋਈ ਗੱਲ ਨਹੀਂ ਸੁਣੀ। ਸ਼ਿਕਾਇਤ ਵਿਚ ਜਤਿੰਦਰ ਕੁਮਾਰ ਨੇ ਸੰਦੇਹ ਜਤਾਇਆ ਹੈ, ਉਸ ਨੂੰ ਲਗਦਾ ਹੈ ਕਿ ਰਾਹੁਲ ਨੇ ਉਸ ਦੀ ਲਡ਼ਕੀ ਦਾ ਕਤਲ ਕਰ ਦਿੱਤਾ ਹੈ ਜਾਂ ਫਿਰ ਉਸ ਨੂੰ ਨਸ਼ਾ ਖੁਆ ਕੇ ਕਿਸੇ ਅਣਪਛਾਤੀ ਜਗ੍ਹਾ ’ਤੇ ਲੁਕੋ ਕੇ ਰੱਖਿਆ ਹੈ। ਪੀਡ਼ਤ ਪਰਿਵਾਰ ਲਡ਼ਕੀ ਦੀ ਤਲਾਸ਼ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਡ਼ਕੀ ਬਾਰੇ ਪਤਾ ਨਹੀਂ ਲੱਗਦਾ ਉਹ ਬਠਿੰਡਾ ਹੀ ਰਹਿਣਗੇ। ਐੱਸ. ਐੱਸ. ਪੀ. ਬਠਿੰਡਾ ਨੇ ਵੀ ਪੀਡ਼ਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।